10 ਫੀਸਦੀ ਤੱਕ ਘਟੇਗਾ ਮਾਲ-ਭਾੜਾ
ਜਲੰਧਰ - ਕੇਂਦਰ ਸਰਕਾਰ ਵਲੋਂ ਡੀਜ਼ਲ ਦੀ ਕੀਮਤ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਨ ਅਤੇ ਕੀਮਤਾਂ 'ਚ 3.37 ਰੁਪਏ ਪ੍ਰਤੀ ਲੀਟਰ ਦੀ ਕਮੀ ਦੇ ਐਲਾਨ ਤੋਂ ਬਾਅਦ ਟਰਾਂਸਪੋਰਟਰਾਂ ਨੇ ਟਰੱਕਾਂ ਦੇ ਮਾਲ-ਭਾੜੇ 'ਚ 10 ਫੀਸਦੀ ਦੀ ਕਮੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਗੁਡਸ ਐਂਡ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਪੰਡੇਰ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਫੈਸਲੇ ਦੇ ਨਾਲ ਮਹਿੰਗਾਈ ਵਿਚ ਕਮੀ ਆਵੇਗੀ। ਟਰਾਂਸਪੋਰਟ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੀ ਗਈ ਕਮੀ ਦਾ ਫਾਇਦਾ ਛੇਤੀ ਹੀ ਸਿੱਧਾ ਵਪਾਰੀ ਦੇਣਗੇ ਅਤੇ ਮਾਲ-ਭਾੜੇ ਵਿਚ 10 ਫੀਸਦੀ ਤੱਕ ਦੀ ਕਮੀ ਕੀਤੀ ਜਾਵੇਗੀ। ਜਲੰਧਰ ਤੋਂ ਮੁੰਬਈ ਤੱਕ ਦਾ 15 ਟਨ ਦਾ ਮਾਲ-ਭਾੜਾ ਇਨ੍ਹੀ ਦਿਨੀ 40,000 ਰੁਪਏ ਚੱਲ ਰਿਹਾ ਹੈ, ਇਹ ਮਾਲ-ਭਾੜਾ ਹੁਣ 36,000 ਤੱਕ ਆ ਜਾਵੇਗੀ। ਇਸ ਤਰ੍ਹਾਂ ਜਲੰਧਰ ਤੋਂ ਦਿੱਲੀ ਤੱਕ ਦਾ 15 ਟਨ ਦਾ ਮਾਲ-ਭਾੜਾ 15,000 ਤੋਂ ਘਟ ਕੇ 13,000 ਹੋ ਜਾਵੇਗਾ। ਹਾਲਾਂਕਿ ਇਨੀ ਦਿਨੀ ਪੰਜਾਬ ਤੋਂ ਕਲਕੱਤਾ ਰੂਟ 'ਤੇ ਆਲੂ ਦੇ ਬੀਜ ਦੀ ਸਪਲਾਈ ਹੋਣ ਕਾਰਨ ਮਾਲ-ਭਾੜਾ ਕਾਫੀ ਜ਼ਿਆਦਾ ਹੈ ਪਰ ਇਸ ਮਾਲ ਭਾੜੇ ਵਿਚ ਵੀ ਕਮੀ ਕੀਤੀ ਜਾਵੇਗੀ। ਇਸ ਤਰੀਕੇ ਨਾਲ ਮਦਰਾਸ ਦਾ ਮਾਲ-ਭਾੜਾ ਵੀ 10 ਫੀਸਦੀ ਤੱਕ ਘਟਾਇਆ ਜਾਵੇਗਾ। ਟਰਾਂਸਪੋਰਟਰਾਂ ਵਲੋਂ ਮਾਲ-ਭਾੜੇ ਵਿਚ ਕਮੀ ਦਾ ਐਲਾਨ ਤੋਂ ਬਾਅਦ ਹੁਣ ਰੇਲਵੇ ਵਲੋਂ ਵੀ ਮਾਲ-ਭਾੜੇ ਵਿਚ ਕਮੀ ਦੇ ਐਲਾਨ ਦੀ ਸੰਭਾਵਨਾ ਹੈ।
ਹੋਰ ਕਿਹੜੇ-ਕਿਹੜੇ ਹੋ ਸਕਦੇ ਹਨ ਫਾਇਦੇ
* ਇਸਦਾ ਸਿੱਧਾ ਅਸਰ ਮਹਿੰਗਾਈ ਦੇ ਘੱਟ ਹੋਣ 'ਤੇ ਪਏਗਾ। ਲਿਹਾਜਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਰੋਜ਼ਾਨਾ ਦੀਆਂ ਚੀਜ਼ਾਂ ਸਸਤੀ ਹੋ ਸਕਦੀਆਂ ਹਨ।
* ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਰੇਲ-ਗੱਡੀਆਂ ਅਤੇ ਬੱਸਾਂ ਵਿਚ ਤੁਹਾਡਾ ਸਫਰ ਕਰਨਾ ਹੋਰ ਸਸਤਾ ਹੋ ਸਕਦਾ ਹੈ।
* ਮਹਿੰਗਾਈ ਦਰ ਹੋਰ ਹੇਠਾਂ ਆ ਜਾਵੇਗੀ। ਇਸ ਦਾ ਮਤਲਬ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਵਿਆਜ ਦੀਆਂ ਦਰਾਂ ਵੀ ਹੇਠਾਂ ਆ ਸਕਦੀਆਂ ਹਨ। ਜਿਸ ਕਾਰਨ ਤੁਹਾਨੂੰ ਕਾਰ ਅਤੇ ਘਰ ਦੀਆਂ ਕਿਸ਼ਤਾਂ ਵਿਚ ਕਮੀ ਹੋ ਸਕਦੀ ਹੈ।
* ਤੁਹਾਡੀ ਕਾਰ ਅਤੇ ਮੋਟਰਸਾਈਕਲ ਦੀ ਸਰਵਿਸ ਦੌਰਾਨ ਵਰਤੋਂ ਕੀਤੇ ਜਾਣ ਵਾਲੇ ਇੰਜਣ ਆਇਲ ਦੀ ਕੀਮਤ ਘੱਟਣ ਕਾਰਨ ਸਰਵਿਸ ਕਰਵਾਉਣੀ ਸਸਤੀ ਪੈ ਸਕਦੀ ਹੈ।
ਦਸ ਫੀਸਦੀ ਤਕ ਘਟੇਗਾ ਮਾਲ ਭਾੜਾ
NEXT STORY