ਸਿਰਸਾ— ਹਰਿਆਣਾ ਦੇ ਮੁੱਖ ਮੰਤਰੀ ਅਹੁਦੇ 'ਤੇ ਭਾਜਪਾ ਨੇ ਸੀਨੀਅਰ ਨੇਤਾ ਮਨੋਹਰ ਲਾਲ ਖੱਟੜ ਨੂੰ ਚੁਣਿਆ ਤਾਂ 27 ਸਾਲਾਂ ਬਾਅਦ ਪੰਜਾਬੀਆਂ ਨੇ ਇਕ ਵਾਰ ਫਿਰ ਹਰਿਆਣਾ ਵਿਚ ਬੱਲੇ-ਬੱਲੇ ਕਰਵਾ ਦਿੱਤੀ। ਹਰਿਆਣਾ ਵਿਚ ਪਹਿਲੀ ਵਾਰ ਕਿਸੇ ਪੰਜਾਬੀ ਨੇਤਾ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1987 ਵਿਚ ਭਾਜਪਾ ਦੇ ਚੋਟੀ ਦੇ ਪੰਜਾਬੀ ਨੇਤਾ ਮੰਗਲ ਸੇਨ ਨੂੰ ਸੂਬੇ ਦਾ ਉੱਪ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੋਇਆ ਸੀ। ਇਸ ਤਰ੍ਹਾਂ ਭਾਜਪਾ ਨੇ ਹੀ ਸੂਬੇ ਨੂੰ ਪੰਜਾਬੀ ਵਰਗ ਨਾਲ ਸੰਬੰਧਤ ਨੇਤਾ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਮੌਕਾ ਦਿੱਤਾ ਸੀ ਤੇ ਭਾਜਪਾ ਨੇ ਹੀ ਹੁਣ ਹਰਿਆਣਾ ਨੂੰ ਪੰਜਾਬੀ ਮੁੱਖ ਮੰਤਰੀ ਦਿੱਤਾ ਹੈ। ਭਾਜਪਾ ਹਾਈਕਮਾਨ ਦੇ ਇਸ ਫੈਸਲੇ ਤੋਂ ਬਾਅਦ ਅੱਜ ਪੂਰੇ ਦੇਸ਼ ਦੇ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੀਆਂ ਸਾਰੀਆਂ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀਆਂ ਦੀ ਪਿਛਲੇ ਕਾਫੀ ਸਮੇਂ ਤੋਂ ਅਣਦੇਖੀ ਕੀਤੀ ਜਾ ਰਹੀ ਸੀ। ਇਕ ਸਮਾਂ ਸੀ ਜਦੋਂ 1982 ਵਿਚ ਹਰਿਆਣਾ ਵਿਚ ਪੰਜਾਬੀ ਭਾਈਚਾਰੇ ਨਾਲ ਸੰਬੰਧਕ ਵਿਧਾਇਕਾਂ ਦੀ ਸਭ ਤੋਂ ਵੱਧ ਗਿਣਤੀ ਹੁੰਦੀ ਸੀ। ਉਸ ਸਮੇਂ ਸੂਬੇ ਵਿਚ ਕਰੀਬ ਡੇਢ ਦਰਜਨ ਪੰਜਾਬੀ ਵਿਧਾਇਕ ਸਨ ਅਤੇ ਉਨ੍ਹਾਂ 'ਚੋਂ ਕਰੀਬ ਇਕ ਦਰਜਨ ਮੰਤਰੀ ਅਤੇ ਚੇਅਰਮੈਨ ਸਨ। ਉਸ ਤੋਂ ਬਾਅਦ ਸੂਬੇ ਵਿਚ ਪੰਜਾਬੀ ਵਰਗ ਨਾਲ ਸੰਬੰਧਤ ਵਿਧਾਇਕਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ ਤੇ ਨਤੀਜਾ ਇਹ ਹੋਇਆ ਕਿ ਪੰਜਾਬੀ ਵਰਗ ਹਰਿਆਣਾ ਵਿਚ ਖੁਦ ਨੂੰ ਨਜ਼ਰ ਅੰਦਾਜ਼ ਮਹਿਸੂਸ ਕਰਨ ਲੱਗਾ। ਇਸ ਦੌਰਾਨ 1987 ਵਿਚ ਇਕ ਅਜਿਹਾ ਮੌਕਾ ਆਇਆ ਜਦੋਂ ਇਨੈਲੋ ਤੋਂ ਭਾਜਪਾ ਗਠਜੋੜ ਦੀ ਸਰਕਾਰ ਵਿਚ ਚੌਧਰੀ ਦੇਵੀਲਾਲ ਨੂੰ ਮੁੱਖ ਮੰਤਰੀ ਬਣਾਇਆ ਗਿਆ। ਉਸ ਸਮੇਂ ਭਾਜਪਾ ਨੇ ਆਪਣੇ ਕੋਟੇ 'ਚੋਂ ਸੀਨੀਅਰ ਪੰਜਾਬੀ ਨੇਤਾ ਡਾ. ਮੰਗਲ ਸੇਨ ਨੂੰ ਸੂਬੇ ਦਾ ਉੱਪ ਮੁੱਖ ਮੰਤਰੀ ਬਣਾਇਆ ਸੀ।
ਡਾ. ਮੰਗਲ ਸੇਨ ਦੇ ਦਿਹਾਂਤ ਤੋਂ ਬਾਅਦ ਹੁਣ ਤੱਕ ਭਾਜਪਾ ਵਿਚ ਕਿਸੇ ਦਮਦਾਰ ਪੰਜਾਬੀ ਨੇਤਾ ਦੀ ਕਮੀ ਲਗਾਤਾਰ ਮਹਿਸੂਸ ਕੀਤੀ ਜਾ ਰਹੀ ਹੈ, ਜੋ ਹੁਣ ਮਨੋਹਰ ਲਾਲ ਖੱਟੜ ਦੇ ਰੂਪ ਵਿਚ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਪਹਿਲੀ ਵਾਰ ਕਰਨਾਲ ਤੋਂ ਵਿਧਾਇਕ ਚੁਣੇ ਗਏ ਪੰਜਾਬੀ ਨੇਤਾ ਮਨੋਹਰ ਲਾਲ ਖੱਟੜ ਨੂੰ ਸੂਬੇ ਦੀ ਕਮਾਨ ਸੌਂਪ ਕੇ ਭਾਜਪਾ ਨੇ ਗੈਰ ਜੱਟ ਵਰਗ ਦੇ ਨਾਲ-ਨਾਲ ਵਿਸ਼ੇਸ਼ ਤੌਰ 'ਤੇ ਪੰਜਾਬੀ ਵਰਗ ਵਿਚ ਪਕੜ ਮਜ਼ਬੂਤ ਕਰਨ ਲਈ ਤੀਰ ਕਮਾਨੋਂ ਛੱਡ ਦਿੱਤਾ ਹੈ।
ਬੱਚੀ ਲਈ ਮਾਂ ਦਾ ਹੈ ਜੋ ਹਾਲ, ਜਿਸ ਨੂੰ ਜਾਣ ਕੇ ਤੁਹਾਡੀਆਂ ਵੀ ਅੱਖਾਂ ਆ ਜਾਣਗੇ ਹੰਝੂ
NEXT STORY