ਲੁਧਿਆਣਾ, (ਰਿੰਕੂ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸਹੁਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਲ ਪੰਚਕੂਲਾ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਹੋਏ ਬੇਇੱਜ਼ਤੀ ਭਰੇ ਵਿਵਹਾਰ ਦੇ ਬਾਅਦ ਰੋਸ ਜਤਾਉਂਦੇ ਹੋਏ ਨਰਿੰਦਰ ਮੋਦੀ ਸਰਕਾਰ ਨੂੰ ਕੈਬਨਿਟ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਸਿਲਸਿਲੇ ਵਿਚ ਜ਼ਮੀਨੀ ਪੱਧਰ 'ਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਲੁਧਿਆਣਾ ਦੌਰੇ 'ਤੇ ਪਹੁੰਚੇ ਬਾਜਵਾ ਨੇ ਵੱਖ-ਵੱਖ ਨੇਤਾਵਾਂ ਦੇ ਨਾਲ ਬੈਠਕ ਕੀਤੀ। ਇਹ ਬੈਠਕਾਂ ਮਹਾਰਾਜ ਸਿੰਘ ਰਾਜੀ ਕੌਂਸਲਰ, ਨਰਿੰਦਰ ਕਾਲਾ ਕੌਂਸਲਰ ਦੇ ਨਿਵਾਸ 'ਤੇ ਹੋਈ, ਜਿਥੇ ਵਿਧਾਇਕ ਭਾਰਤ ਭੂਸ਼ਣ ਆਸ਼ੂ, ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਵੀ ਮੌਜੂਦ ਸਨ।
ਬਾਜਵਾ ਨੇ ਕਿਹਾ ਕਿ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦਾ ਹੁਣ ਤਕ ਸਾਂਝੀਦਾਰ ਹੈ। ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਬਾਦਲ ਦੇ ਨਾਲ ਰੁਖ਼ਾ ਵਿਵਹਾਰ ਕੀਤਾ ਗਿਆ, ਜੋ ਬਾਦਲ ਵਲੋਂ ਗਠਜੋੜ ਸਾਂਝੀਦਾਰ ਦਾ ਡਰਾਮਾ ਛੱਡ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਮਰਥਨ ਕਰਨ ਦਾ ਨਤੀਜਾ ਹੈ, ਜਦਕਿ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਭਾਜਪਾ ਪੂਰਾ ਬਹੁਮਤ ਹਾਸਲ ਕਰ ਲਵੇਗੀ। ਉਨ੍ਹਾਂ ਕਿਹਾ ਕਿ ਬਾਦਲ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਸਟੇਜ ਦੇ ਇਕ ਕਿਨਾਰੇ 'ਤੇ ਬੈਠੇ ਰਹੇ ਪਰ ਕਿਸੇ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਇਥੋਂ ਤਕ ਮੋਦੀ ਨੇ ਬਾਦਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਦਕਿ ਸੱਚਾਈ ਇਹ ਵੀ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੇ ਬਾਅਦ ਪੰਜਾਬ ਦੇ ਪਠਾਨਕੋਟ ਵਿਚ ਪਹਿਲੀ ਰੈਲੀ ਕਰਕੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਚੰਗਾ ਹੁੰਦਾ ਜੇਕਰ ਬਾਦਲ ਸਮਾਰੋਹ ਵਿਚ ਨਾ ਜਾਂਦੇ, ਜਿਨ੍ਹਾਂ ਨੇ ਹਰਿਆਣਾ ਵਿਚ ਆਈ. ਐੱਨ. ਐੱਲ. ਟੀ. ਦਾ ਸਮਰਥਨ ਕਰਕੇ ਸਪੱਸ਼ਟ ਤੌਰ 'ਤੇ ਭਾਜਪਾ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਾਦਲ ਨੇ ਆਪਣੀ ਨੂੰਹ ਨੂੰ ਕੇਂਦਰੀ ਕੈਬਨਿਟ ਵਿਚ ਸ਼ਾਮਲ ਕਰਵਾਉਣ ਲਈ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਸੀ, ਜਿਸ ਨਾਲ ਮੋਦੀ ਸਰਕਾਰ ਸਮਝ ਗਈ ਸੀ ਕਿ ਅਕਾਲੀ ਅਗਵਾਈ ਪਰਿਵਾਰਕ ਹਿੱਤਾਂ ਤੋਂ ਉਪਰ ਨਹੀਂ ਉੱਠ ਸਕਦੀ। ਹਾਲਾਂਕਿ ਇਹ ਹੀ ਕਾਰਨ ਸੀ ਕਿ ਹਰਸਿਮਰਤ ਨੇ ਮੰਤਰਾਲਾ ਨੂੰ ਮਹੱਤਵ ਨਹੀਂ ਦਿੱਤਾ।
ਮੋਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਇਕ ਹੋਰ ਝਟਕਾ
NEXT STORY