ਜਲੰਧਰ-ਕੈਂਟ ਰੋਡ 'ਤੇ ਸਥਿਤ ਸੈਵੰਥ ਡੇ ਸੀਨੀਅਰ ਸੈਕੰਡਰੀ ਸਕੂਲ ਦੇ ਕਰੀਬ ਇਕ ਦਰਜਨ ਵਿਦਿਆਰਥੀਆਂ ਦੇ ਘਰ ਨਾ ਆਉਣ 'ਤੇ ਮਾਪਿਆਂ ਨੇ ਸਮਝਿਆ ਕਿ ਸ਼ਾਇਦ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲਸ ਅਤੇ ਮਾਪੇ ਸਭ ਟੈਨਸ਼ਨ 'ਚ ਸਨ। ਉਸ ਸਮੇਂ ਸਭ ਨੇ ਸੁੱਖ ਦਾ ਸਾਹ ਲਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਛੱਡਣ ਵਾਲਾ ਆਟੋ ਚਾਲਕ ਨਹੀਂ ਆਇਆ ਅਤੇ ਉਸ ਦੀ ਜਗ੍ਹਾ ਆਏ ਆਟੋ ਚਾਲਕ ਨੂੰ ਘਰ ਨਾ ਪਤਾ ਹੋਣ ਕਾਰਨ ਬੱਚਿਆਂ ਨੂੰ ਛੱਡਣ 'ਚ ਦੇਰੀ ਹੋ ਗਈ।
ਜਾਣਕਾਰੀ ਮੁਤਾਬਕ ਦੁਪਹਿਰ ਸਮੇਂ ਸੈਵੰਥ ਡੇ ਸੀਨੀਅਰ ਸੈਕੰਡਰੀ ਸਕੂਲ, ਕੈਂਟ ਰੋਡ ਨੇੜੇ ਇਕ ਦਰਜਨ ਨੰਨ੍ਹੇ-ਮੁੰਨੇ ਛੁੱਟੀ ਹੋਣ ਦੌਰਾਨ ਮਿਥੇ ਸਮੇਂ 'ਤੇ ਘਰ ਨਹੀਂ ਪਹੁੰਚੇ। ਬੱਚਿਆਂ ਦੇ ਘਰ ਨਾ ਪਹੁੰਚਣ 'ਤੇ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੇ ਆਟੋ ਚਾਲਕ ਨੂੰ ਫੋਨ ਕੀਤਾ ਤਾਂ ਉਸਨੇ ਇਹ ਕਹਿ ਕੇ ਬੱਚਿਆਂ ਦੇ ਮਾਪਿਆਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਕਿ ਉਸਨੇ ਤਾਂ ਬੱਚਿਆਂ ਨੂੰ ਛੁੱਟੀ ਦੌਰਾਨ ਸਕੂਲ ਤੋਂ ਲਿਆ ਹੀ ਨਹੀਂ। ਬੱਚਿਆਂ ਦੇ ਘਰ ਨਾ ਪਹੁੰਚਣ ਕਰਕੇ ਬੱਚਿਆਂ ਦੇ ਮਾਪੇ ਤੁਰੰਤ ਸਕੂਲ ਪਹੁੰਚੇ।
ਬੱਚੇ ਉਥੇ ਵੀ ਨਾ ਮਿਲਣ ਕਾਰਨ ਘਬਰਾਏ ਪਰਿਵਾਰ ਵਾਲਿਆਂ ਨੇ ਪੁਲਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਡੀ. ਸੀ. ਪੀ. ਨਵੀਨ ਸਿੰਗਲਾ, ਏ. ਡੀ. ਸੀ.ਪੀ.ਪਰਮਜੀਤ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਮਾਮਲੇ ਦੀ ਜਾਂਚ ਸ਼ੁਰੂ ਹੋਈ। ਹਾਲੇ ਪੁਲਸ ਹਰਕਤ 'ਚ ਆਈ ਹੀ ਸੀ ਕਿ ਉਸੇ ਵੇਲੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਘਰੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਬੱਚੇ ਘਰ ਪਹੁੰਚ ਗਏ ਹਨ। ਜਾਂਚ ਵਿਚ ਪਤਾ ਲੱਗਾ ਕਿ ਆਟੋ ਵਾਲਾ ਰੁਟੀਨ 'ਚ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾਂਦਾ ਤੇ ਸਕੂਲ ਤੋਂ ਘਰ ਛੱਡਦਾ ਹੈ। ਉਸਦਾ ਆਟੋ ਖਰਾਬ ਹੋ ਗਿਆ ਸੀ ਤੇ ਉਸਨੇ ਕਿਸੇ ਹੋਰ ਆਟੋ ਵਾਲੇ ਨੂੰ ਬੱਚਿਆਂ ਨੂੰ ਘਰ ਛੱਡਣ ਦੀ ਜ਼ਿੰਮੇਵਾਰੀ ਸੌਂਪੀ। ਉਸਦੀ ਲਾਪਰਵਾਹੀ ਕਾਰਨ ਇਕ ਘੰਟੇ ਤੱਕ ਬੱਚਿਆਂ ਦੇ ਪਰਿਵਾਰ ਵਾਲੇ ਤੇ ਪੁਲਸ ਟੈਨਸ਼ਨ 'ਚ ਰਹੀ।
ਮਾਸ਼ੂਕਾ ਦੀ ਗੱਲ ਸੁਣ ਹੋ ਗਿਆ ਝੱਲਾ, ਕਰ ਬੈਠਾ ਕੰਮ ਅਵੱਲਾ!
NEXT STORY