ਨਵੀਂ ਦਿੱਲੀ/ ਬਰਨ- ਵਿਦੇਸ਼ਾਂ ’ਚ ਕਾਲੇ ਧਨ ਨੂੰ ਜਮ੍ਹਾ ਕਰਵਾਉਣ ਵਾਲੇ ਸ਼ੱਕੀ ਵਿਅਕਤੀਆਂ ਦੇ ਨਾਂ ਜਨਤਕ ਕਰਨ ਨੂੰ ਲੈ ਕੇ ਜਾਰੀ ਬਹਿਸ ਦੇ ਵਿਚਾਲੇ ਸਵਿਟਜ਼ਰਲੈਂਡ ਨੇ ਵੀਰਵਾਰ ਨੂੰ ਕਿਹਾ ਕਿ ਸਵਿਸ-ਭਾਰਤ ਟੈਕਸ ਸੰਧੀ ਦੇ ਤਹਿਤ ਦਿੱਤੀ ਗਈ ਸੂਚਨਾ ਨੂੰ ਸਿਧਾਂਤਕ ਕਿਸੇ ‘ਖਾਸ ਅਤੇ ਸਬੰਧਤ’ ਮਾਮਲੇ ’ਚ ਕਾਰਵਾਈ ਨੂੰ ਛੱਡ ਕੇ ਕਿਸੇ ਹੋਰ ਅਦਾਲਤ ਜਾਂ ਬਾਡੀ ਦੇ ਅੱਗੇ ਜਨਤਕ ਨਹੀਂ ਕੀਤਾ ਜਾ ਸਕਦਾ ਹੈ। ਸਵਿਟਜ਼ਰਲੈਂਡ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਵਿਸ਼ੇਸ਼ ਜਾਂਚ ਟੀਮ, ਸਵਿਸ ਬੈਂਕਾਂ ਸਮੇਤ ਵਿਦੇਸ਼ਾਂ ’ਚ ਭਾਰਤੀਆਂ ਵੱਲੋਂ ਜਮ੍ਹਾ ਕਰਵਾਏ ਗਏ ਕਾਲੇ ਧਨ ਦੀ ਜਾਂਚ ਕਰ ਰਹੀ ਹੈ। ਟੈਕਸ ਚੋਰੀ ਕਰਨ ਵਾਲਿਆਂ ਦੇ ਨਾਜਾਇਜ਼ ਕਮਾਏ ਧਨ ਨੂੰ ਰੱਖਣ ਦਾ ਲੰਮੇ ਸਮੇਂ ਤੋਂ ਦੋਸ਼ ਝੱਲ ਰਹੇ ਸਵਿਟਜ਼ਰਲੈਂਡ ਨੇ ਭਾਰਤ ਦੀ ਮਦਦ ਕਰਨ ਅਤੇ ਕਥਿਤ ਟੈਕਸ ਚੋਰੀ ਅਤੇ ਵਿੱਤੀ ਅਪਰਾਧਾਂ ਦੇ ਮਾਮਲਿਆਂ ’ਚ ਸੂਚਨਾਵਾਂ ਦੀ ਬੇਨਤੀ ਦਾ ਸਮਾਂਬੱਧ ਤਰੀਕੇ ਨਾਲ ਜਵਾਬ ਦੇਣ ਦਾ ਵਾਅਦਾ ਕੀਤਾ ਹੈ।
ਇਸੇ ਤਰ੍ਹਾਂ ਗੁਪਤ ਸੂਚਨਾਵਾਂ ਨੂੰ ਜਨਤਕ ਕਰਨ ਦੇ ਵਿਸ਼ੇ ’ਚ ਸੰਧੀ ਦੀਆਂ ਵਿਵਸਥਾਵਾਂ ਦਾ ਜ਼ਿਕਰ ਕਰਦੇ ਹੋਏ ਸਵਿਟਜ਼ਲੈਂਡ ਸਰਕਾਰ ਦੇ ਇਕ ਬੁਲਾਰੇ ਨੇ ਬਰਨ ਤੋਂ ਪੱਤਰਕਾਰਾਂ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀ ਦੋ ਪੱਖੀ ਟੈਕਸ ਮਾਮਲਿਆਂ ਨੂੰ ਲੈ ਕੇ ਸੰਪਰਕ ਵਿਚ ਹਨ। ਪਰ ਉਸ ਨੇ ਕਿਸੇ ਵਿਸ਼ੇਸ਼ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਉਨ੍ਹਾਂ 627 ਭਾਰਤੀਆਂ ਦੀ ਸੂਚੀ ਸੌਂਪੀ ਸੀ ਜਿਨ੍ਹਾਂ ਦੇ ਖਾਤੇ ਐਚ.ਐੱਸ.ਬੀ.ਸੀ. ਬੈਂਕ ਦੀ ਸਵਿਸ ਬ੍ਰਾਂਚ ਵਿਚ ਹਨ ਅਤੇ ਇਨ੍ਹਾਂ ਲੋਕ ’ਤੇ ਕਾਲਾ ਧਨ ਜਮ੍ਹਾ ਕਰਨ ਦਾ ਦੋਸ਼ ਹੈ ਜਿਸ ਦੀ ਜਾਂਚ ਚਲ ਰਹੀ ਹੈ। ਹਾਲਾਂਕਿ ਇਹ ਸੂਚੀ ਇਕ ਬੰਦ ਲਿਫਾਫੇ ’ਚ ਦਿੱਤੀ ਗਈ ਹੈ, ਤਿੰਨ ਹੋਰ ਲੋਕਾਂ ਦੇ ਨਾਂ ਇਕ ਦਿਨ ਪਹਿਲੇ ਹੀ ਜਨਤਕ ਕਰ ਦਿੱਤੇ ਗਏ ਕਿਉਂਕਿ ਉਨ੍ਹਾਂ ਦੇ ਖਿਲਾਫ ਮੁਕਦਮਾ ਸ਼ੁਰੂ ਹੋ ਚੁੱਕਿਆ ਹੈ।
ਇਸ ਗੱਲ ’ਤੇ ਬਹਿਸ ਹੁੰਦੀ ਰਹੀ ਹੈ ਕਿ ਬਗੈਰ ਇਸਤਗਾਸਾ ਦੇ ਨਾਵਾਂ ਦਾ ਖੁਲ੍ਹਾਸਾ ਕਰਨ ਨਾਲ ਟੈਕਸ ਸੰਧੀਆਂ ਪ੍ਰਭਾਵਿਤ ਨਹੀਂ ਹੋਣਗੀਆਂ ਜਿਨ੍ਹਾਂ ਦੇ ਤਹਿਤ ਵਿਦੇਸ਼ਾਂ ਵੱਲੋਂ ਨਾਂ ਅਤੇ ਹੋਰ ਵੇਰਵੇ ਸਾਂਝੇ ਕੀਤੇ ਗਏ ਹਨ।
ਇਸ ਸਬੰਧ ਵਿਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਵਿਸ ਫੈਡਰਲ ਡਿਪਾਰਟਮੈਂਟ ਆਫ ਫਾਈਨੈਂਸ ਦੇ ਬੁਲਾਰੇ ਨੇ ਕਿਹਾ ਕਿ ਸਵਿਸ-ਭਾਰਤ ਡੀ.ਟੀ.ਏ. (ਦੋਹਰੇ ਟੈਕਸੇਸ਼ਨ ਸਮਝੌਤੇ) ’ਚ ਕਿਹਾ ਗਿਆ ਹੈ ਕਿ ਸਮਝੌਤਾ ਕਰਨ ਵਾਲੇ ਦੇਸ਼ ਵੱਲੋਂ ਪ੍ਰਾਪਤ ਕੀਤੀ ਗਈ ਸੂਚਨਾ ਉਸੇ ਤਰ੍ਹਾਂ ‘ਗੁਪਤ’ ਸਮਝੀ ਜਾਵੇਗੀ ਜਿਸ ਤਰ੍ਹਾਂ ਉਸ ਦੇਸ਼ ਦੇ ਘਰੇਲੂ ਕਾਨੂੰਨ ਦੇ ਤਹਿਤ ਪ੍ਰਾਪਤ ਸੂਚਨਾ ਸਮਝੀ ਜਾਂਦੀ ਹੈ। ਸੰਧੀ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਸੂਚਨਾ, ਟੈਕਸ ਐਸਟੀਮੇਸ਼ਨ ਜਾਂ ਸੰਗ੍ਰਹਿ ਨਾਲ ਸਬੰਧਤ ਵਿਅਕਤੀਆਂ ਜਾਂ ਅਥਾਰਿਟੀਆਂ (ਅਦਾਲਤਾਂ ਅਤੇ ਪ੍ਰਸ਼ਾਸਨਿਕ ਬਾਡੀਜ਼ ਸਮੇਤ) ਦੇ ਸਾਹਮਣੇ ਜਨਤਕ ਕੀਤੀ ਜਾਵੇਗੀ।
ਸਤਿਅਮ ਮਾਮਲੇ ਦਾ ਫੈਸਲਾ 23 ਦਸੰਬਰ ਨੂੰ ਆਉਣ ਦੀ ਸੰਭਾਵਨਾ
NEXT STORY