ਲੁਧਿਆਣਾ, (ਮੁੱਲਾਂਪੁਰੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਘੇ ਕਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੇਸ਼ ਦੀ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਜੋ ਕਥਿਤ ਹੱਤਿਆਰਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਸ ਨੂੰ ਲੈ ਕੇ ਪੰਜਾਬ ਦੇ ਅਮਨ ਪਸੰਦ ਲੋਕ ਇਕ ਵਾਰ ਫਿਰ ਹੈਰਾਨ ਹਨ ਕਿ ਆਏ ਦਿਨ ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਇਹ ਸਨਮਾਨ ਕਦੋਂ ਰੁਕਣਗੇ।
ਇਹ ਸਵਾਲ ਹਰ ਵਿਅਕਤੀ ਦੀ ਜ਼ੁਬਾਨ 'ਤੇ ਸੀ ਕਿਉਂਕਿ ਪੰਜਾਬ ਪਿਛਲੇ ਸਮੇਂ ਅੱਤਵਾਦ ਦੀ ਭੱਠੀ 'ਚ ਦਾਣਿਆਂ ਵਾਂਗ ਭੁੱਜ ਚੁੱਕਾ ਹੈ ਅਤੇ ਉਹ ਮੁੜ ਕਾਲੇ ਦਿਨ ਨਹੀਂ ਦੇਖਣਾ ਚਾਹੁੰਦਾ, ਜਿਸ ਕਰਕੇ ਪੰਜਾਬ ਦੀ ਰੰਗਲੀ ਧਰਤੀ ਰੰਗਲੀ ਹੀ ਰਹੇ ਨਾ ਕਿ ਖੂਨ ਵਹੇ। ਕਲ ਦੇ ਸਨਮਾਨ ਨੂੰ ਲੈ ਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਖਬਰ ਅੱਜ ਨਹੀਂ ਪੜ੍ਹੀ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸਨਮਾਨ ਕਿਥੇ ਹੋਇਆ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਇਹ ਸਨਮਾਨ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਕੀਤਾ ਹੈ ਤਾਂ ਉਨ੍ਹਾਂ ਕਿਹਾ ਕਿ ਭਾਈ ਸਾਹਿਬ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਗੱਲ ਕਰੋ, ਉਹ ਇਸ ਬਾਰੇ ਦੱਸ ਸਕਦੇ ਹਨ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਗੱਲ ਕਰਨੀ ਚਾਹੀ ਤਾਂ ਪਤਾ ਲੱਗਾ ਕਿ ਉਹ ਸੱਤ ਸਮੁੰਦਰੋਂ ਪਾਰ ਹਨ, ਦੇਰ ਸ਼ਾਮ ਤਕ ਸ਼੍ਰੋਮਣੀ ਕਮੇਟੀ ਕਿਸੇ ਆਲਾ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਅਤੇ ਪੱਖ ਜਾਨਣਾ ਚਾਹਿਆ ਪਰ ਜ਼ਿਆਦਾਤਰ ਫੋਨ ਬੰਦ ਹੀ ਮਿਲੇ। ਜਦੋਂ ਇਸ ਸੰਬੰਧੀ ਪੰਜਾਬ ਵਿਚਲੀ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਪ੍ਰੋਫੈਸਰ ਰਾਜਿੰਦਰ ਭੰਡਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਸ਼ਾਂਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਝ ਵੀ ਕੁਮਿੰਟ ਕਰਨਾ ਵਾਜ਼ਬ ਨਹੀਂ ਸਮਝਦੇ, ਅਸੀਂ ਇਹ ਫੈਸਲਾ ਪੰਜਾਬ ਦੇ ਅਮਨਪਸੰਦ ਲੋਕਾਂ 'ਤੇ ਛੱਡਦੇ ਹਾਂ।
ਫਿਰੋਜ਼ਪੁਰ-ਚੰਡੀਗੜ੍ਹ ਟ੍ਰੇਨ 'ਚ ਦੇਰੀ ਲਈ ਬਾਦਲ ਜ਼ਿੰਮੇਵਾਰ: ਕੈਪਟਨ ਅਮਰਿੰਦਰ
NEXT STORY