ਵੈਨਕੂਵਰ—ਕੈਨੇਡੀਅਨ ਨੇਵੀ ਵਿਚ ਪਹਿਲੀ ਵਾਰ ਇਕ ਔਰਤ ਨੂੰ ਦਸਤਾਰ ਸਜਾ ਕੇ ਡਿਊਟੀ ਕਰਨ ਦੀ ਆਗਿਆ ਦਿੱਤੀ ਗਈ ਹੈ। ਇਹ ਉਪਲੱਬਧੀ ਜਿੱਥੇ ਸਿੱਖ ਭਾਈਚਾਰੇ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਉੱਥੇ ਇਹ ਵੀ ਜ਼ਿਕਰਯੋਗ ਹੈ ਕਿ ਰੋਇਲ ਕੈਨੇਡੀਅਨ ਨੇਵੀ ਵਿਚ ਦਸਤਾਰ ਸਜਾ ਕੇ ਸ਼ਾਮਲ ਹੋਈ ਇਹ ਸਿੰਘਣੀ ਅਸਲ ਵਿਚ ਇਕ ਗੋਰੀ ਹੈ। ਵਾਂਡਾ ਮੈਕਡਾਨੋਲਡ ਨਾਂ ਦੀ ਇਹ ਗੋਰੀ 1997 ਤੋਂ ਕੈਨੇਡੀਅਨ ਰੋਇਲ ਨੇਵੀ ਵਿਚ ਮਾਸਟਰ ਸੀਮਨ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ ਪਰ ਤਿੰਨ ਸਾਲ ਪਹਿਲਾਂ ਉਸ ਨੇ ਸਿੱਖੀ ਤੋਂ ਪ੍ਰੇਰਿਤ ਹੋ ਕੇ ਸਿੱਖ ਧਰਮ ਅਪਣਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਹੁਣ ਆਪਣੀ ਸੇਵਾ ਦੌਰਾਨ ਦਸਤਾਰ ਸਜਾਉਣ ਦੀ ਆਗਿਆ ਮੰਗੀ ਸੀ। ਜਿਸ ਲਈ ਉਸ ਦੇ ਸੰਘਰਸ਼ ਵਿਚ ਵਿਸ਼ਵ ਸਿੱਖ ਸੰਸਥਾ ਕੈਨੇਡਾ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਕੈਨੇਡੀਅਨ ਫੌਜ ਨੂੰ ਦੱਸਿਆ ਕਿ ਸਿੱਖ ਪੁਰਸ਼ ਅਤੇ ਔਰਤਾਂ ਦੋਵੇਂ ਹੀ 'ਆਰਟੀਕਲ ਆਫ ਫੇਥ' ਦੇ ਰੂਪ ਵਿਚ ਦਸਤਾਰ ਸਜਾ ਸਕਦੇ ਹਨ। ਸੰਸਥਾ ਦੀ ਇਸ ਅਪੀਲ ਤੋਂ ਬਾਅਦ ਕੈਨੇਡੀਅਨ ਫੌਜ ਨੇ ਪੂਰਨ ਰੂਪ ਨਾਲ ਸਿੱਖੀ ਦਾ ਅਧਿਐਨ ਕੀਤਾ ਅਤੇ ਸੀਮਨ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਆਗਿਆ ਦੇ ਦਿੱਤੀ। ਸੀਮਨ ਨੇ ਕਿਹਾ ਕਿ ਉਸ ਦਾ ਸੁਭਾਗ ਹੈ ਕਿ ਉਸ ਨੂੰ ਦਸਤਾਰਧਾਰੀ ਬਣਨ ਦਾ ਮੌਕਾ ਮਿਲਿਆ ਅਤੇ ਉਸ ਦੀ ਇਹ ਉਪਲੱਬਧੀ ਹੋਰ ਔਰਤਾਂ ਨੂੰ ਵੀ ਪ੍ਰਭਾਵਿਤ ਕਰੇਗੀ।
ਸੰਯੁਕਤ ਰਾਸ਼ਟਰ ਸ਼ਾਂਤੀ ਪੈਨਲ 'ਚ ਰਿਟਾਇਰਡ ਭਾਰਤੀ ਫੌਜੀ ਦੀ ਨਿਯੁਕਤੀ
NEXT STORY