ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀਆਂ ਵਿਚ ਅਹਿਮ ਫੇਰਬਦਲ ਕਰਨ ਲਈ ਵਿਚਾਰ-ਵਟਾਂਦਰੇ ਦਾ ਦੌਰ ਸ਼ੁਰੂ ਕਰ ਦਿਤਾ ਹੈ। ਭਾਜਪਾ ਦੇ ਉਚ ਸੂਤਰਾਂ ਨੇ ਦਸਿਆ ਕਿ ਇਸ ਸੰਬੰਧੀ ਗੋਆ ਦੇ ਮੁਖ ਮੰਤਰੀ ਮਨੋਹਰ ਪਾਰਿਕਰ ਨੂੰ ਸੱਦਾ ਦਿਤਾ ਗਿਆ ਹੈ। ਪਾਰਿਕਰ ਨੂੰ ਦਿੱਲੀ ਲਿਆਂਦਾ ਜਾ ਸਕਦਾ ਹੈ ਅਤੇ ਉਸ ਨੂੰ ਰੱਖਿਆ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਆਰ. ਐੱਸ. ਐੱਸ. ਨੇ ਉਨ੍ਹਾਂ ਨੂੰ ਹਰੀ ਝੰਡੀ ਦੇ ਦਿਤੀ ਹੈ। ਹਾਲਾਂਕਿ ਪਾਰਿਕਰ ਨੂੰ ਗੋਆ ਵਿਚ ਮੁਖ ਮੰਤਰੀ ਵਜੋਂ ਆਪਣੇ ਕਿਸੇ ਢੁਕਵੇਂ ਜਾਨਸ਼ੀਨ ਦਾ ਭਰੋਸਾ ਨਹੀਂ ਹੈ ਪਰ ਜਾਪਦਾ ਹੈ ਕਿ ਪਾਰਟੀ ਕਿਸੇ ਇਸਾਈ ਨੂੰ ਗੋਆ ਦਾ ਅਗਲਾ ਮੁਖ ਮੰਤਰੀ ਬਣਾਉਣ ਦੇ ਵਿਚਾਰ ਨਾਲ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਆਪਣੀ ਕੈਬਨਿਟ ਵਿਚ ਹੋਰ ਚਿਹਰਿਆਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ ਕਿਉਂਕਿ ਮੌਜੂਦਾ ਦੌਰ ਵਿਚ ਕਈ ਅਜਿਹੇ ਮੰਤਰੀ ਜਿਨ੍ਹਾਂ ਕੋਲ ਦੂਹਰੇ ਜਾਂ ਤੀਹਰੇ ਚਾਰਜ ਹਨ। ਇਕ ਜੱਟ ਆਗੂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਝਾਰਖੰਡ ਤੇ ਬਿਹਾਰ 'ਤੇ ਵੀ ਫੋਕਸ ਹੋ ਸਕਦਾ ਹੈ ਜਿਥੇ ਇਸ ਸਾਲ ਨਵੰਬਰ-ਦਸੰਬਰ ਅਤੇ ਅਗਲੇ ਸਾਲ ਮਈ ਵਿਚ ਚੋਣਾਂ ਹੋਣ ਵਾਲੀਆਂ ਹਨ। ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੇ ਪੁੱਤਰ ਜਯੰਤ ਸਿਨਹਾ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਰਾਜੀਵ ਪ੍ਰਤਾਪ ਰੂਡੀ ਅਤੇ ਇਕ ਮੁਸਲਿਮ ਆਗੂ ਨੂੰ ਵੀ ਲਿਆ ਜਾ ਸਕਦਾ ਹੈ। ਪਰ ਹਾਲੇ ਤਕ ਕਿਸੇ ਨੂੰ ਵੀ ਫੈਸਲਾਕੁੰਨ ਸੱਦਾ ਨਹੀਂ ਦਿਤਾ ਗਿਆ ਹੈ। ਸੰਕੇਤ ਆ ਰਹੇ ਹਨ ਕਿ 24 ਨਵੰਬਰ ਸੈਸ਼ਨ ਤੋਂ ਪਹਿਲਾਂ ਵਿਸਥਾਰ ਕੀਤਾ ਜਾ ਸਕਦਾ ਹੈ। ਆਖਰੀ ਫੈਸਲਾ ਇਸ ਹਫਤੇ ਲਿਆ ਜਾ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ 11 ਤੋਂ 20 ਨਵੰਬਰ ਤੋਂ ਦੇਸ਼ ਤੋਂ ਬਾਹਰ ਰਹਿਣਗੇ।
ਕਾਲਜਾਂ 'ਚ ਹੋਵੇ ਡਰੈੱਸ ਕੋਡ : ਹਿੰਦੂ ਮਹਾ ਸਭਾ
NEXT STORY