ਨਵੀਂ ਦਿੱਲੀ- ਦਿੱਲੀ ’ਚ ਭਾਰਤੀ ਜਨਤਾ ਪਾਰਟੀ ਜੋੜ-ਤੋੜ ਦੀ ਸਰਕਾਰ ਬਣਾਉਣ ਦੇ ਪੱਖ ’ਚ ਨਹੀਂ ਹੈ। ਸੂਤਰਾਂ ਅਨੁਸਾਰ, ਭਾਜਪਾ ਦਿੱਲੀ ’ਚ ਚੋਣਾਂ ਕਰਨ ਨੂੰ ਤਿਆਰ ਹੈ। ਹਾਲਾਂਕਿ ਇਸ ’ਤੇ ਆਖਰੀ ਫੈਸਲਾ ਸੰਸਦੀ ਬੋਰਡ ਦੀ ਬੈਠਕ ’ਚ ਲਿਆ ਜਾਵੇਗਾ। ਸੂਤਰ ਦੱਸ ਰਹੇ ਹਨ ਕਿ ਦਿੱਲੀ ’ਚ ਵਿਧਾਨ ਸਭਾ ਚੋਣਾਂ ਜਲਦ ਹੋਣਗੀਆਂ। ਦਰਅਸਲ ਹਰਿਆਣਾ ਅਤੇ ਮਹਾਰਾਸ਼ਟਰ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਮਿਲੀ ਸਫਲਤਾ ਤੋਂ ਉਤਸ਼ਾਹਤ ਭਾਜਪਾ ਅਜੇ ਦਿੱਲੀ ’ਚ ਸਰਕਾਰ ਬਣਾਉਣ ਦੇ ਮੂਡ ’ਚ ਨਹੀਂ ਹੈ, ਇਸ ਲਈ ਪਾਰਟੀ ਇੱਥੇ ਨਵੇਂ ਸਿਰੇ ਤੋਂ ਚੋਣਾਂ ਚਾਹੁੰਦੀ ਹੈ।
ਉੱਥੇ ਹੀ ਉਪ ਰਾਜਪਾਲ ਨਜ਼ੀਬ ਜੰਗ ਨੇ ਦਿੱਲੀ ’ਚ ਸਰਕਾਰ ਗਠਨ ’ਤੇ ਚਰਚਾ ਲਈ ਤਿੰਨ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਬੁਲਾਇਆ ਹੈ। ਐੱਲ. ਜੀ. ਦੀ ਸੋਮਵਾਰ ਦੀ ਸ਼ਾਮ ਇਨ੍ਹਾਂ ਦਲਾਂ ਨਾਲ ਵੱਖ-ਵੱਖ ਗੱਲਬਾਤ ਹੋਵੇਗੀ, ਜਿਨ੍ਹਾਂ ’ਚ ਐੱਲ. ਜੀ. ਸਭ ਤੋਂ ਪਹਿਲਾਂ ਭਾਜਪਾ ਨੇਤਾਵਾਂ ਨੂੰ ਮਿਲਣਗੇ। ਇਸ ਦੇ ਨਾਲ ਹੀ ਆਉਣ ਵਾਲੀ ਫਰਵਰੀ ’ਚ ਦਿੱਲੀ ’ਚ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਖਤਮ ਹੋ ਰਹੀ ਹੈ। ਅਜਿਹੇ ’ਚ ਜਨਵਰੀ-ਫਰਵਰੀ ’ਚ ਦਿੱਲੀ ’ਚ ਚੋਣਾਂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਦਿੱਲੀ ’ਚ ਹੋਈ ਭਾਜਪਾ ਸੰਸਦੀ ਬੋਰਡ ਦੀ ਬੈਠਕ ’ਚ ਪਾਰਟੀ ਨੇ ਦਿੱਲੀ ’ਚ ਸਰਕਾਰ ਦੀ ਬਜਾਏ ਚੋਣਾਂ ਕਰਵਾਉਣ ਦਾ ਬਦਲ ਚੁਣਿਆ ਸੀ।
ਸਾਵਧਾਨ! ਕੇ.ਬੀ.ਸੀ. ਦੇ ਨਾਂ 'ਤੇ ਤੁਹਾਡੇ ਨਾਲ ਵੀ ਹੋ ਸਕਦੈ ਇਹ
NEXT STORY