ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਸਦਾਸ਼ਿਵ ਅਮਰਾਪੁਰਕਰ ਦਾ ਦਿਹਾਂਤ ਹੋ ਗਿਆ ਹੈ। ਫੇਫੜਿਆਂ ਦੇ ਇੰਫੈਕਸ਼ਨ ਨਾਲ ਪੀੜਤ ਸਦਾਸ਼ਿਵ ਦਾ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਹ 64 ਸਾਲ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਜ਼ਿਲੇ ਅਹਿਮਦਨਗਰ ’ਚ ਮੰਗਲਵਾਰ ਨੂੰ ਕੀਤਾ ਜਾਵੇਗਾ।
‘ਅਰਧਸੱਤਿਯ’ ਅਤੇ ‘ਸੜਕ’ ਵਰਗੀਆਂ ਫਿਲਮਾਂ ’ਚ ਆਪਣੇ ਰੋਲ ਦਾ ਲੋਹਾ ਮਨਵਾਉਣ ਵਾਲੇ ਸਦਾਸ਼ਿਵ ਅਮਰਾਪੁਰਕਰ ਨੇ 2 ਵਾਰ ਫਿਲਮਫੇਅਰ ਦਾ ਖਿਤਾਬ ਹਾਸਲ ਕੀਤਾ। ਸਾਲ 1984 ’ਚ ਫਿਲਮ ‘ਅਰਧਸੱਤਿਯ’ ਲਈ ਉਨ੍ਹਾਂ ਨੂੰ ਬੇਸਟ ਸਪੋਰਟਿੰਗ ਐਕਟਰ ਦਾ ਖਿਤਾਬ ਮਿਲਿਆ, ਜਦੋਂ ਕਿ ਫਿਲਮ ‘ਸੜਕ’ ’ਚ ਸ਼ਾਨਦਾਰ ਰੋਲ ਲਈ ਉਨ੍ਹਾਂ ਨੂੰ ਬੇਸਟ ਵਿਲੇਨ ਦੇ ਖਿਤਾਬ ਨਾਲ ਨਵਾਜਿਆ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਨੇ ‘ਆਂਖੇ’, ‘ਇਸ਼ਕ’, ‘ਕੁਲੀ ਨੰਬਰ-1’ ਅਤੇ ‘ਗੁਪਤ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ। ਬਾਲੀਵੁੱਡ ’ਚ ਆਪਣੇ ਕੈਰੀਅਰ ਦਾ ਬੇਸਟ ਦੇਣ ਤੋਂ ਬਾਅਦ ਸਦਾਸ਼ਿਵ ਅਮਰਾਪੁਰਕਰ ਨੇ ਆਪਣਾ ਧਿਆਨ ਮਰਾਠੀ ਫਿਲਮਾਂ ’ਤੇ ਕੇਂਦਰਿਤ ਕਰ ਲਿਆ। ਬਾਲੀਵੁੱਡ ’ਚ ਉਨ੍ਹਾਂ ਦੀ ਆਖਰੀ ਫਿਲਮ 2012 ’ਚ ਆਏ ‘ਬਾਂਬੇ ਟਾਕੀਜ਼’ ਸੀ। ਪਿਛਲੇ ਕੁਝ ਸਾਲਾਂ ’ਚ ਅਮਰਾਪੁਰਕਰ ਫਿਲਮਾਂ ਦੀ ਚੋਣ ਨੂੰ ਲੈ ਕੇ ਕਾਫੀ ਸੇਲੇਕਟਿਵ ਹੋ ਗਏ ਸਨ ਅਤੇ ਸਮਾਜਿਕ ਕੰਮਾਂ ’ਚ ਸ਼ਾਮਲ ਹੋਣ ਲੱਗੇ ਸਨ।
ਦਿੱਲੀ ’ਚ ਚੋਣਾਂ ਨੂੰ ਤਿਆਰ ਭਾਜਪਾ, ਐੱਲ. ਜੀ. ਨੂੰ ਦੱਸਿਆ ਫੈਸਲਾ
NEXT STORY