ਜਲੰਧਰ (ਅਮਿਤ)-ਜਾਨਲੇਵਾ ਬੀਮਾਰੀ ਇਬੋਲਾ ਦੀ ਦਹਿਸ਼ਤ ਨਾਲ ਜਿੱਥੇ ਵਿਕਸਿਤ ਦੇਸ਼ਾਂ ਨੇ ਹਰ ਤਰ੍ਹਾਂ ਦੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਉਥੇ ਜਲੰਧਰ ਦੇ ਪ੍ਰਸ਼ਾਸਨ ਨੂੰ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਹੈ। ਜ਼ਿਲਾ ਪ੍ਰਸ਼ਾਸਨ ਦੀ ਲਾਪਰਵਾਹੀ ਤੋਂ ਤਾਂ ਇਹੀ ਸਾਬਿਤ ਹੋ ਰਿਹਾ ਹੈ ਕਿ ਜੇਕਰ ਸ਼ਹਿਰ 'ਚ 'ਇਬੋਲਾ' ਵਰਗੀ ਭਿਆਨਕ ਬੀਮਾਰੀ ਆਉਂਦੀ ਹੈ ਤਾਂ ਆ ਜਾਵੇ, ਇਸ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ, ਜਿੱਥੇ ਇਸ ਮਾਮਲੇ 'ਚ ਭਾਰਤ ਸਰਕਾਰ ਅਣਗਹਿਲੀ ਵਰਤ ਰਹੀ ਹੈ, ਉੱਥੇ ਹੀ ਜ਼ਿਲਾ ਪ੍ਰਸ਼ਾਸਨ ਵੀ ਘੱਟ ਨਹੀਂ ਹੈ।
ਪ੍ਰਸ਼ਾਸਨ ਵਲੋਂ ਇਬੋਲਾ ਦੇ ਸੰਕਰਮਣ ਨੂੰ ਰੋਕਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਬੋਲਾ ਸੰਕਰਮਣ ਸਭ ਤੋਂ ਪਹਿਲਾਂ ਅਫਰੀਕਾ ਵਿਚ ਸ਼ੁਰੂ ਹੋਇਆ ਸੀ, ਜਿਥੇ ਹਾਲੇ ਵੀ ਹਜ਼ਾਰਾਂ ਲੋਕ ਇਸ ਦੇ ਸ਼ਿਕਾਰ ਹਨ। ਹਾਲੇ ਤਕ ਇਸ ਦਾ ਵੈਕਸੀਨ ਤਿਆਰ ਨਾ ਹੋਣ ਕਾਰਨ ਇਹ ਬੀਮਾਰੀ ਜਾਨਲੇਵਾ ਸਾਬਤ ਹੋ ਰਹੀ ਹੈ। ਇੰਨੀ ਖਤਰਨਾਕ ਬੀਮਾਰੀ ਨੂੰ ਲੈ ਕੇ ਜਿਥੇ ਹਰ ਦੇਸ਼ ਆਪਣੇ ਨਾਗਰਿਕਾਂ ਨੂੰ ਅਲਰਟ ਕਰ ਰਿਹਾ ਹੈ, ਉਥੇ ਜ਼ਿਲਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਕੋਈ ਵੀ ਕਦਮ ਇਸ ਜਾਨਲੇਵਾ ਬੀਮਾਰੀ ਨੂੰ ਰੋਕਣ ਲਈ ਨਹੀਂ ਚੁੱਕਿਆ ਗਿਆ।
ਜਲੰਧਰ 'ਚ ਵੀ ਹਜ਼ਾਰਾਂ ਅਫਰੀਕੀ ਮੂਲ ਦੇ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਦਾ ਬੇਰੋਕ-ਟੋਕ ਆਪਣੇ ਦੇਸ਼ ਤੋਂ ਆਉਣਾ-ਜਾਣਾ ਜਾਰੀ ਹੈ। ਵਿਦੇਸ਼ਾਂ ਤੋਂ ਆਉਣ ਵਾਲੇ ਇਨ੍ਹਾਂ ਵਿਦਿਆਰਥੀਆਂ ਦੀ ਨਾ ਤਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ ਅਤੇ ਨਾ ਹੀ ਕੋਈ ਸਾਵਧਾਨੀ ਵਰਤੀ ਜਾਂਦੀ ਹੈ। ਜ਼ਿਲਾ ਪ੍ਰਸ਼ਾਸਨ ਇਸ ਨੂੰ ਲੈ ਕੇ ਜ਼ਰਾ ਵੀ ਗੰਭੀਰ ਨਹੀਂ ਹੈ।
ਇਸ ਮਾਮਲੇ ਸੰਬੰਧੀ ਡੀ. ਸੀ. ਕਮਲ ਕਿਸ਼ੋਰ ਯਾਦਵ ਦਾ ਕਹਿਣਾ ਹੈ ਕਿ ਇਬੋਲਾ ਵਾਇਰਸ ਦੀ ਰੋਕਥਾਮ ਤੇ ਜਾਂਚ ਪੜਤਾਲ ਲਈ ਜੋ ਵੀ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ, ਉਹ ਜ਼ਿਲਾ ਪ੍ਰਸ਼ਾਸਨ ਵਲੋਂ ਚੁੱਕੇ ਜਾਣਗੇ। ਸਿਵਲ ਸਰਜਨ ਨੂੰ ਸਿਹਤ ਵਿਭਾਗ ਵਲੋਂ ਪ੍ਰਾਪਤ ਹੋਈਆਂ ਸਾਰੀਆਂ ਹਦਾਇਤਾਂ ਨੂੰ ਮੰਨਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਜੇਕਰ ਲੋੜ ਪਈ ਤਾਂ ਇਬੋਲਾ ਵਾਇਰਸ ਲਈ ਖਾਸ ਕਮੇਟੀ ਵੀ ਗਠਿਤ ਕੀਤੀ ਜਾਵੇਗੀ।
ਹਾਈ ਕੋਰਟ ਵੱਲੋਂ ਅਨਿਲ ਜੋਸ਼ੀ ਨੂੰ ਨੋਟਿਸ ਜਾਰੀ
NEXT STORY