ਚੰਡੀਗੜ੍ਹ- ਅਗਵਾ ਕਰਨ ਤੇ ਛੇੜਛਾੜ ਕਰਨ ਦੇ ਦੋ ਮਾਮਲਿਆਂ ਵਿਚ ਹਾਈਕੋਰਟ ਤੋਂ ਗ੍ਰਿਫ਼ਤਾਰੀ 'ਤੇ ਰੋਕ ਲਗਾਏ ਜਾਣ ਮਗਰੋਂ ਸੋਮਵਾਰ ਨੂੰ ਮੁਅੱਤਲ ਆਈ. ਜੀ. ਚੀਮਾ ਦੀ ਜ਼ਮਾਨਤ ਹਾਈਕੋਰਟ ਵਿਚ ਮਨਜ਼ੂਰ ਹੋ ਗਈ ਹੈ। ਸੋਮਵਾਰ ਨੂੰ ਪੰਜਾਬ ਪੁਲਸ ਨੇ ਆਪਣਾ ਹਲਫ਼ਨਾਮਾ ਦਾਇਰ ਕਰਦਿਆਂ ਕਿਹਾ ਕਿ ਗੌਤਮ ਚੀਮਾ ਜਾਂਚ ਵਿਚ ਸ਼ਾਮਲ ਹੋ ਗਏ ਹਨ ਤੇ ਉਨ੍ਹਾਂ ਤੋਂ ਹੁਣ ਪੁਲਸ ਨੇ ਕੁਝ ਵੀ ਬਰਾਮਦ ਨਹੀਂ ਕਰਨਾ ਹੈ। ਇਸੇ ਹਲਫ਼ਨਾਮੇ ਨੂੰ ਆਧਾਰ ਬਣਾਉਂਦਿਆਂ ਆਈ. ਜੀ. ਚੀਮਾ ਦੀ ਜ਼ਮਾਨਤ ਨੂੰ ਮਨਜ਼ੁਰ ਕਰ ਲਿਆ ਗਿਆ ਹੈ।
ਧਿਆਨਯੋਗ ਹੈ ਕਿ ਪੰਜਾਬ ਪੁਲਸ ਤੋਂ ਮੁਅੱਤਲ ਆਈ. ਜੀ. ਚੀਮਾ 'ਤੇ ਮੋਹਾਲੀ ਵਿਚ ਦੋ ਮਾਮਲੇ ਦਰਜ ਕਰਵਾਏ ਗਏ ਸਨ। ਇਸ ਵਿਚ ਇਕ ਅਗਵਾ ਕਰਨ ਦਾ ਤੇ ਦੂਸਰਾ ਛੇੜਛਾੜ ਦਾ ਸੀ। ਦੋਵਾਂ ਮਾਮਲਿਆਂ ਵਿਚ ਗ੍ਰਿਫ਼ਤਾਰੀ ਤੋਂ ਬਚਣ ਲਈ ਉਨ੍ਹਾਂ ਨੇ ਮੋਹਾਲੀ ਜ਼ਿਲਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਜ਼ਿਲਾ ਅਦਾਲਤ ਵਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਇਸ ਮਗਰੋਂ ਉਨ੍ਹਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਦੋਵਾਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ 3 ਨਵੰਬਰ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਉਂਦਿਆ 17 ਅਕਤੂਬਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਚੀਮਾ ਇਸ ਦੌਰਾਨ ਜਾਂਚ ਵਿਚ ਸ਼ਾਮਲ ਹੋ ਗਏ ਸਨ ਤੇ ਅਜਿਹੇ ਵਿਚ ਸੋਮਵਾਰ ਨੂੰ ਸੁਣਵਾਈ ਦੌਰਾਨ ਪੰਜਾਬ ਪੁਲਸ ਦਾ ਹਲਫ਼ਨਾਮਾ ਉਨ੍ਹਾਂ ਲਈ ਵੱਡੀ ਰਾਹਤ ਸਾਬਿਤ ਹੋਇਆ ਹੈ।
ਸਮਝੌਤਾ ਐਕਸਪ੍ਰੈਸ 'ਚ ਦਿਖਿਆ ਵਾਹਗਾ ਦੇ ਧਮਾਕੇ ਦਾ ਦਰਦ (ਵੀਡੀਓ)
NEXT STORY