ਫਿਰੋਜ਼ਪੁਰ, (ਕੁਮਾਰ, ਕੁਲਦੀਪ, ਪਰਮਜੀਤ)-ਫਿਰੋਜ਼ਪੁਰ ਅੰਤਰਰਾਸ਼ਟਰੀ ਬਾਰਡਰ 'ਤੇ ਬੀ. ਐੱਸ. ਐੱਫ. ਨੇ ਕਰੀਬ 110 ਕਰੋੜ ਰੁਪਏ ਅੰਤਰਰਾਸ਼ਟਰੀ ਮੁੱਲ ਦੀ 22 ਕਿਲੋ ਹੈਰੋਇਨ ਦੀ ਖੇਪ ਅਤੇ ਇਕ ਪਾਕਿਸਤਾਨੀ ਮੋਬਾਈਲ ਫੋਨ ਦਾ ਸਿਮ ਬਰਾਮਦ ਕੀਤਾ ਹੈ, ਜਦਕਿ ਬੀ. ਐੱਸ. ਐੱਫ. ਵੱਲੋਂ ਗੋਲੀ ਚਲਾਉਣ 'ਤੇ ਸਮੱਗਲਰ ਭੱਜ ਗਏ। ਇਹ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬੀ. ਐੱਸ. ਐੱਫ. ਫਿਰੋਜ਼ਪੁਰ ਆਰ. ਕੇ. ਥਾਪਾ ਨੇ ਦੱਸਿਆ ਕਿ ਬੀ. ਐੱਸ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰ ਫਿਰੋਜ਼ਪੁਰ ਅੰਤਰਰਾਸ਼ਟਰੀ ਬਾਰਡਰ ਰਸਤੇ ਭਾਰਤੀ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਭੇਜਣ ਦੀ ਤਾਕ 'ਚ ਹਨ। ਇਸ ਸੂਚਨਾ ਦੇ ਆਧਾਰ 'ਤੇ ਬੀ. ਐੱਸ. ਐੱਫ. ਵਲੋਂ ਪੂਰੇ ਖੇਤਰ 'ਚ ਚੌਕਸੀ ਹੋਰ ਵਧਾ ਦਿੱਤੀ ਗਈ ਸੀ। ਸ਼੍ਰੀ ਥਾਪਾ ਨੇ ਦੱਸਿਆ ਕਿ ਅੱਜ ਸਵੇਰੇ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ ਪਾਪਾ-2 ਬਟਾਲੀਅਨ ਦੇ ਜਵਾਨਾਂ ਨੇ ਸਮੱਗਲਰਾਂ ਦੀਆਂ ਉਲੋਕੇ ਚੌਕੀ ਇਲਾਕੇ 'ਚ ਹਰਕਤਾਂ ਦੇਖੀਆਂ ਅਤੇ ਆਵਾਜ਼ਾਂ ਸੁਣੀਆਂ। ਕੋਹਰੇ ਕਾਰਨ ਬੀ. ਐੱਸ. ਐੱਫ. ਦੇ ਜਵਾਨਾਂ ਨੇ ਹਿਲਜੁਲ ਦੇਖ ਕੇ ਲਲਕਾਰਿਆ ਤਾਂ ਪੀਰ ਬਾਬਾ ਦੀ ਦਰਗਾਹ ਕੋਲ ਦਰੱਖਤਾਂ 'ਚ ਲੁਕ ਕੇ ਬੈਠੇ ਵਿਅਕਤੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਇਸ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ 4 ਫਾਇਰ ਕੀਤੇ ਅਤੇ ਸਮੱਗਲਰ ਕੋਹਰੇ ਦਾ ਫਾਇਦਾ ਉਠਾਉਂਦਿਆਂ ਭੱਜਣ 'ਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਸਵੇਰੇ ਬੀ. ਐੱਸ. ਐੱਫ. ਵਲੋਂ ਜਦੋਂ ਇਸ ਖੇਤਰ 'ਚ ਸਰਚ ਮੁਹਿੰਮ ਚਲਾਈ ਗਈ ਤਾਂ ਉਥੇ ਪਿੱਲਰ ਨੰ. 179-2/4 ਕੋਲੋਂ ਬੀ. ਐੱਸ. ਐੱਫ. ਨੂੰ 22 ਪੈਕੇਟ ਹੈਰੋਇਨ ਅਤੇ ਇਕ ਪਾਕਿਸਤਾਨੀ ਮੋਬਾਈਲ ਸਿਮ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਕ-ਇਕ ਕਿੱਲੋ ਵਜ਼ਨ ਦੇ ਇਹ 22 ਪੈਕੇਟ ਹੈਰੋਇਨ ਸਮੱਗਲਰਾਂ ਵਲੋਂ ਇਕ ਪਾਈਪ ਨਾਲ ਭਾਰਤੀ ਸਰਹੱਦ ਅੰਦਰ ਸੁੱਟੇ ਗਏ ਸਨ ਅਤੇ ਬੀ. ਐੱਸ. ਐੱਫ. ਨੇ ਸਮੱਗਲਰਾਂ ਦੇ ਇਕ ਵੱਡੇ ਯਤਨ ਨੂੰ ਪੂਰੀ ਤਰ੍ਹਾਂ ਨਾਲ ਫੇਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਵਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰ ਕੌਣ ਸਨ ਅਤੇ ਕਿਨ੍ਹਾਂ ਭਾਰਤੀ ਸਮੱਗਲਰਾਂ ਨੂੰ ਹੈਰੋਇਨ ਦੀ ਇਹ ਖੇਪ ਦਿੱਤੀ ਜਾਣੀ ਸੀ। ਇਸ ਮੌਕੇ ਪਾਪਾ-2 ਬਟਾਲੀਅਨ ਦੇ ਕਮਾਂਡਰ ਵੀ. ਪੀ. ਸਿੰਘ ਅਤੇ ਡਿਪਟੀ ਕਮਾਂਡਰ ਮਰਕਸ ਮਸੀਹ ਵੀ ਮੌਜੂਦ ਸਨ।
ਮੁਅੱਤਲ ਆਈ. ਜੀ. ਚੀਮਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ
NEXT STORY