* ਸੂਬੇ ਅੰਦਰ ਕਾਂਗਰਸ ਵਧੇਰੇ ਮਜ਼ਬੂਤ * ਮੌਜੂਦਾ ਸਰਕਾਰ ਦਾ ਸਫਾਇਆ ਆਉਣ ਵਾਲੇ ਸਮੇਂ 'ਚ ਤੈਅ * ਮੋਹਣੀ ਜੱਸੋਵਾਲ ਜਾਟ ਮਹਾਸਭਾ ਦੇ ਜਨਰਲ ਸਕੱਤਰ ਨਿਯੁਕਤ
ਪਟਿਆਲਾ/ਰੱਖੜਾ, (ਰਾਜੇਸ਼, ਰਾਣਾ) - ਪੰਜਾਬ ਸੂਬੇ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਡੰਗ ਟਪਾਊ ਨੀਤੀਆਂ 'ਤੇ ਚੱਲ ਰਹੀ ਹੈ ਤੇ ਉਹ ਜਨਤਾ ਨੂੰ ਲਾਅਰਿਆਂ ਤੇ ਝੂਠੇ ਵਾਅਦਿਆਂ ਤੋਂ ਇਲਾਵਾ ਕੁੱਝ ਨਹੀਂ ਦੇ ਰਹੀ, ਜਿਸਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਦਾ ਕਿਸਾਨ, ਵਪਾਰੀ, ਨੌਕਰੀ ਪੇਸ਼ਾ ਤੇ ਆਮ ਵਰਗ ਬੁਰੀ ਤਰ੍ਹਾਂ ਦੁਖੀ ਹੈ ਕਿਉਂਕਿ ਪੰਜਾਬ ਦੀ ਸਨਅਤ ਦੂਸਰੇ ਰਾਜਾਂ ਵਿਚ ਤਬਦੀਲ ਹੋਣ ਕਰਕੇ ਰੰਗਲੇ ਪੰਜਾਬ ਸੂਬੇ ਵਿਚ ਬੇਰੋਜ਼ਗਾਰੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਅੱਜ ਸੂਬੇ ਦਾ ਵਧੇਰੇ ਨੌਜਵਾਨ ਪੜ੍ਹ ਲਿਖ ਕੇ ਬੇਰੋਜ਼ਗਾਰੀ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਕੈ. ਅਮਰਿੰਦਰ ਸਿੰਘ ਨੇ ਗੁਰਮੀਤ ਸਿੰਘ ਮੋਹਣੀ ਨੂੰ ਅਖਿਲ ਭਾਰਤੀ ਜਾਟ ਮਹਾਸਭਾ ਦਾ ਜਨਰਲ ਸਕੱਤਰ ਨਿਯੁਕਤ ਕਰਨ ਉਪਰੰਤ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਆਲ ਇੰਡੀਆ ਜਾਟ ਮਹਾਸਭਾ ਦੇ ਪ੍ਰਧਾਨ ਮਹਾਰਾਜਾ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਫਾਇਆ ਹੋਣਾ ਤੈਅ ਹੁੰਦਾ ਜਾ ਰਿਹਾ ਹੈ ਕਿਉਂਕਿ ਸੂਬੇ ਦੀ ਜਨਤਾ ਮੌਜੂਦਾ ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੀ ਹੈ, ਜਿਸ ਕਾਰਨ ਪੰਜਾਬ ਵਿਚ ਪ੍ਰਾਪਰਟੀ ਅਤੇ ਭੱਠਿਆਂ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਗ੍ਰਹਿਣ ਲੱਗ ਚੁਕਿਆ ਹੈ, ਜਿਸਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਕਾਂਗਰਸ ਪਾਰਟੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਅੰਦਰ ਪੂਰੀ ਤਰ੍ਹਾਂ ਜਥੇਬੰਦ ਹੈ ਤੇ ਇਕ ਵੱਡੀ ਮਜ਼ਬੂਤ ਪਾਰਟੀ ਹੈ, ਜੋ ਆਉਣ ਵਾਲੇ ਸਮੇਂ ਦੌਰਾਨ ਸਮੁੱਚੀਆਂ ਪਾਰਟੀਆਂ ਨਾਲੋਂ ਇਕ ਵੱਡੀ ਮਜ਼ਬੂਤ ਪਾਰਟੀ ਵਜੋਂ ਸਾਹਮਣੇ ਆਵੇਗੀ। ਉਨ੍ਹਾਂ ਜਾਟ ਮਹਾਸਭਾ ਦੇ ਚੁਣੇ ਹੋਏ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਪਾਰਟੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਅਕਾਲੀ-ਭਾਜਪਾ ਦਾ ਸੂਬੇ ਅੰਦਰੋਂ ਸਫਾਇਆ ਕੀਤਾ ਜਾ ਸਕੇ।
ਇਸ ਮੌਕੇ ਕੇਸਰ ਸਿੰਘ ਜੱਸੋਵਾਲ, ਹਰਜੀਤ ਢੀਂਡਸਾ, ਗੁਰਜੀਤ ਸਿੰਘ ਲੀਲੂ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਨਰਿੰਦਰ ਸਿੰਘ, ਗਹਿਣਾ ਖਾਨ, ਰੂਬੀ ਟੌਹੜਾ, ਸੋਨੀ ਬਾਈ, ਰਸਪਿੰਦਰ ਸਿੰਘ, ਪੱਪੂ ਐੈੱਸ. ਪੀ. ਪ੍ਰਾਪਰਟੀ, ਕ੍ਰਿਪਾਲ ਸਿੰਘ ਢਿੱਲੋਂ, ਅਮਰਿੰਦਰ ਸਿੰਘ, ਰਮਨ ਸਿੰਘ ਖਰੌੜ ਆਦਿ ਵੀ ਹਾਜ਼ਰ ਸਨ।
110 ਕਰੋੜ ਦੀ ਹੈਰੋਇਨ ਬਰਾਮਦ 'ਤੇ ਸਮੱਗਲਰ ਹੋਏ ਫਰਾਰ (ਵੀਡੀਓ)
NEXT STORY