ਅੰਮ੍ਰਿਤਸਰ- ਸਰਹੱਦ ’ਤੇ ਹੋਏ ਬੰਬ ਧਮਾਕੇ ਤੋਂ ਬਾਅਦ ਬੁੱਧਵਾਰ ਨੂੰ ਤੀਜੇ ਦਿਨ ਅਟਾਰੀ ਸਥਿਤ ਆਈ. ਪੀ. ਸੀ. ਰਾਹੀਂ ਦੁਵੱਲਾ ਵਪਾਰ ਵੀ ਸ਼ੁਰੂ ਹੋ ਗਿਆ ਹੈ ਅਤੇ ਬੁੱਧਵਾਰ ਨੂੰ ਪਾਕਿਸਤਾਨ ਤੋਂ ਲਗਭਗ 25 ਟਰੱਕ ਮਾਲ ਭਾਰਤ ਪੁੱਜਿਆ ਹੈ, ਜਿਸ ਵਿਚ ਸੀਮਿੰਟ ਅਤੇ ਸੁੱਕੇ ਮੇਵੇ ਸ਼ਾਮਲ ਹਨ। ਇਸ ਦੌਰਾਨ ਭਾਰਤ ਵੱਲੋਂ ਕੋਈ ਮਾਲ ਪਾਕਿਸਤਾਨ ਨਹੀਂ ਗਿਆ ਹੈ ਅਤੇ ਭਲਕੇ ਤੋਂ ਬਰਾਮਦ ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਐਤਵਾਰ ਦੀ ਸ਼ਾਮ ਨੂੰ ਵਾਹਗਾ ਸਰਹੱਦ ਵਾਲੇ ਪਾਸੇ ਹੋਏ ਆਤਮਘਾਤੀ ਬੰਬ ਧਮਾਕੇ ਵਿਚ 50 ਤੋਂ ਵਧ ਪਾਕਿਸਤਾਨੀ ਮਾਰੇ ਗਏ ਸਨ ਅਤੇ 200 ਜ਼ਖਮੀ ਹੋ ਗਏ ਸਨ, ਜਿਸ ਕਾਰਨ ਰੀਟਰੀਟ ਸਮਾਗਮ ਰੋਕ ਦਿੱਤਾ ਗਿਆ ਸੀ ਅਤੇ ਵਪਾਰ ਵੀ ਰੁਕ ਗਿਆ ਸੀ।
ਹੁਣ ਰੀਟਰੀਟ ਰਸਮ ਵੀ ਸ਼ੁਰੂ ਹੋ ਚੁਕੀ ਹੈ, ਦੁਵੱਲੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਿਆ ਅਤੇ ਬੁੱਧਵਾਰ ਨੂੰ ਦੁਵੱਲਾ ਵਪਾਰ ਵੀ ਸ਼ੁਰੂ ਹੋ ਗਿਆ ਹੈ। ਇਸ ਅਧੀਨ 25 ਟਰੱਕ ਪਾਕਿਸਤਾਨੀ ਮਾਲ ਦੀ ਦਰਾਮਦ ਹੋਈ ਹੈ। ਇਸ ਦੀ ਪੁਸ਼ਟੀ ਕਰਦਿਆਂ ਕੇਂਦਰੀ ਗੋਦਾਮ ਨਿਗਮ ਦੇ ਮੈਨੇਜਰ ਰਮੇਸ਼ਵਰ ਨੇ ਆਖਿਆ ਕਿ ਬੁੱਧਵਾਰ ਨੂੰ ਪਾਕਿਸਤਾਨ ਤੋਂ 25 ਟਰੱਕ ਮਾਲ ਪੁੱਜਿਆ ਹੈ, ਜਿਸ ਵਿਚ ਸੀਮਿੰਟ, ਖਜ਼ੂਰਾਂ ਅਤੇ ਸੁੱਕਾ ਮੇਵਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਭਲਕੇ ਤੋਂ ਵਪਾਰ ਮੁੜ ਗਤੀ ਫੜ ਲਵੇਗਾ ਅਤੇ ਬਰਾਮਦ ਵੀ ਸ਼ੁਰੂ ਹੋ ਜਾਵੇਗੀ। ਇਕ ਵਪਾਰੀ ਨੇ ਦੱਸਿਆ ਕਿ ਸੋਇਆਬੀਨ ਦੇ 100 ਤੋਂ ਵਧੇਰੇ ਟਰੱਕ ਆਈ. ਸੀ. ਪੀ. ’ਤੇ ਖੜ੍ਹੇ ਹਨ, ਜੋ ਪਾਕਿਸਤਾਨ ਭੇਜੇ ਜਾਣੇ ਹਨ। ਇਸ ਦੌਰਾਨ ਟਮਾਟਰਾਂ ਨਾਲ ਲੱਦੇ ਹੋਏ ਕੁਝ ਟਰੱਕ ਜੋ ਆਈ. ਸੀ. ਪੀ. ’ਤੇ ਖੜੇ ਸਨ, ਵਾਪਸ ਸੱਦ ਲਏ ਗਏ ਹਨ, ਕਿਉਂਕਿ ਇਹ ਵਸਤਾਂ ਖਰਾਬ ਹੋ ਸਕਦੀਆਂ ਸਨ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿਚ ਮੁਹੱਰਮ ਦੇ ਤਿਉਹਾਰ ਕਾਰਨ ਛੋਟੀਆਂ ਹਨ ਅਤੇ ਵਪਾਰ ਵੀ ਬੰਦ ਹਨ। ਆਲ ਇੰਡੀਆ ਸੀਮਿੰਟ ਇੰਪੋਰਟਰ ਐਸੋਸੀਏਸ਼ਨ ਦੇ ਮੁਖੀ ਐੱਮ. ਪੀ. ਐੱਸ. ਚੱਟਾ ਨੇ ਆਖਿਆ ਕਿ ਵਪਾਰ ਦਾ ਮੁੜ ਸ਼ੁਰੂ ਹੋਣਾ ਵਪਾਰੀਆਂ ਲਈ ਚੰਗਾ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਦੁਵੱਲਾ ਵਪਾਰ ਬੰਦ ਨਹੀਂ ਹੋਣਾ ਚਾਹੀਦਾ।
ਨਸ਼ਿਆਂ ਦੇ ਮੁੱਦੇ 'ਤੇ ਬੋਲੇ ਬਾਦਲ, ਪਾਕਿਸਤਾਨ ਦਾ ਬਾਰਡਰ ਸੀਲ ਕਰੋ (ਵੀਡੀਓ)
NEXT STORY