ਮੁੰਬਈ- ਜੇਕਰ ਤੁਸੀਂ ਪੈਸਾ ਕਢਵਾਉਣ ਦੇ ਲਈ ਵਾਰ-ਵਾਰ ਏ.ਟੀ.ਐੱਮ. ਦੀ ਵਰਤੋਂ ਕਰਨ ਵਾਲੇ ਹੋ ਤਾਂ ਸਾਵਧਾਨ ਹੋ ਜਾਵੋ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਅਤੇ ਨਿਜੀ ਖੇਤਰ ਦੇ ਐੱਚ.ਡੀ.ਐੱਫ.ਸੀ. ਬੈਂਕ ਅਤੇ ਐਕਸਿਸ ਬੈਂਕ ਨੇ 6 ਮਹਾਨਗਰਾਂ ’ਚ ਗਾਹਕਾਂ ਦੇ ਲਈ ਮੁਫਤ ਏ.ਟੀ.ਐੱਮ. ਦੀ ਵਰਤੋਂ ਮਹੀਨੇ ਵਿਚ ਤਿੰਨ ਵਾਰ ਤੱਕ ਸੀਮਿਤ ਕਰ ਦਿੱਤੀ ਹੈ। ਭਾਰਤੀ ਸਟੇਟ ਬੈਂਕ ਨੇ ਇਹ ਫੈਸਲਾ 1 ਨਵੰਬਰ ਤੋਂ ਲਾਗੂ ਕਰ ਦਿੱਤਾ ਹੈ। ਜਦੋਂਕਿ ਐੱਚ.ਡੀ.ਐੱਫ.ਸੀ. ਬੈਂਕ ਅਤੇ ਐਕਸਿਸ ਬੈਂਕ ਇਸ ਨੂੰ ਪਹਿਲੀ ਦਸੰਬਰ ਤੋਂ ਲਾਗੂ ਕਰਨਗੇ।
ਰਿਜ਼ਰਵ ਬੈਂਕ ਨੇ ਏ.ਟੀ.ਐੱਮ. ਦੀ ਮੁਫਤ ਵਰਤੋਂ ਨੂੰ ਹਰ ਮਹੀਨੇ ਪੰਜ ਵਾਰ ਤੱਕ ਸੀਮਿਤ ਕਰਨ ਦਾ ਹਾਲ ’ਚ ਸਰਕੁਲਰ ਜਾਰੀ ਕੀਤਾ ਸੀ। ਇਸ ਤੋਂ ਬਾਅਦ ਕਮਰਸ਼ੀਅਲ ਬੈਂਕਾਂ ਨੇ ਇਹ ਕਦਮ ਚੁੱਕਿਆ ਹੈ। ਇਸ ਨਾਲ ਦੇਸ਼ ਦੇ 6 ਵੱਡੇ ਸ਼ਹਿਰਾਂ ਵਿਚ ਇਨ੍ਹਾਂ ਬੈਂਕਾਂ ਦੇ ਗਾਹਕ ਆਪਣੇ ਬੈਂਕ ਦੀ ਏ.ਟੀ.ਐੱਮ. ਮਸ਼ੀਨਾਂ ਤੋਂ ਇਨ੍ਹਾਂ ਸ਼ਹਿਰਾਂ ਵਿਚ ਮਹੀਨੇ ਵਿਚ ਤਿੰਨ ਵਾਰ ਮੁਫਤ ਏ.ਟੀ.ਐੱਮ. ਲੈਣ-ਦੇਣ ਕਰ ਸਕਦੇ ਹਨ ਅਤੇ ਇਸ ਦੇ ਨਾਲ ਉਹ ਦੋ ਵਾਰ ਹੋਰ ਮੁਫਤ ਇਸਤੇਮਾਲ ਕਿਸੇ ਹੋਰ ਸਥਾਨ ਤੋਂ ਕਰ ਸਕਦੇ ਹਨ। 6 ਵੱਡੇ ਸ਼ਹਿਰਾਂ ’ਚ ਮੁੰਬਈ, ਨਵੀਂ ਦਿੱਲੀ, ਚੇਨਈ, ਕੋਲਕਾਤਾ, ਬੇਂਗਲੂਰ ਅਤੇ ਹੈਦਰਾਬਾਦ ਸ਼ਾਮਲ ਹਨ। ਐੱਸ.ਬੀ.ਆਈ. ’ਚ ਇਹ ਨਿਯਮ 1 ਨਵੰਬਰ ਤੋਂ ਲਾਗੂ ਹੈ।
ਐੱਚ.ਡੀ.ਐੱਫ. ਸੀ. ਬੈਂਕ ਤੈਅ ਹੱਦ ਤੋਂ ਜ਼ਿਆਦਾ ਵਾਰ ਏ.ਟੀ.ਐੱਮ. ਦੀ ਵਰਤੋਂ ਦੇ ਮਾਮਲੇ ਦੇ ਲਈ ਜਿੱਥੇ ਨਕਦ ਨਿਕਾਸੀ ਦੇ ਲਈ 20 ਰੁਪਏ ਵਸੂਲੇਗਾ ਉੱਥੇ ਖਾਤੇ ਦੀ ਬਾਕੀ ਰਕਮ ਦਾ ਪਤਾ ਲਗਾਉਣ, ਮਿਨੀ ਸਟੇਟਮੈਂਟ ਦੇ ਲਈ 8.5 ਰੁਪਏ (ਵਾਧੂ ਫੀਸ) ਵਸੂਲੇਗਾ। ਜਦੋਂਕਿ ਐਕਸਿਸ ਬੈਂਕ ਵਿੱਤੀ ਲੈਣ-ਦੇਣ ਦੇ ਲਈ 20 ਰੁਪਏ ਅਤੇ ਗੈਰ ਵਿੱਤੀ ਲੈਣ-ਦੇਣ ਦੇ ਲਈ 9.5 ਰੁਪਏ ਵਸੂਲੇਗਾ।
ਬੈਂਕਾਂ ਵੱਲੋਂ ਗਾਹਕਾਂ ਨੂੰ ਦਿੱਤੀ ਗਈ ਸੂਚਨਾ ਦੇ ਮੁਤਾਬਕ ਕਿਸੇ ਤੀਜੇ ਬੈਂਕ ਦੇ ਏ.ਟੀ.ਐੱਮ. ਤੋਂ ਲੈਣ-ਦੇਣ ਦੇ ਲਈ ਐੱਚ.ਡੀ.ਐੱਫ.ਸੀ. ਅਤੇ ਐਕਸਿਸ ਬੈਂਕ ਤਿੰਨ ਤੋਂ ਵੱਧ ਲੈਣ-ਦੇਣ ’ਤੇ ਟੈੱਕਸ ਵਸੂਲਣਗੇ। ਪਹਿਲੇ ਕਿਸੇ ਦੂਜੇ ਬੈਂਕ ਦੇ ਏ.ਟੀ.ਐੱਮ. ਤੋਂ ਪੰਜ ਵਾਰ ਲੈਣ-ਦੇਣ ’ਤੇ ਕੋਈ ਟੈਕਸ ਨਹੀਂ ਲਗਦਾ ਸੀ। ਹਾਲਾਂਕਿ ਐੱਕਸਿਸ ਬੈਂਕ ਆਪਣੇ ਪ੍ਰਾਈਮ ਪਲੱਸ ਸੇਵਿੰਗਸ ਅਕਾਉਂਟ ਅਤੇ ਪ੍ਰਾਈਮ ਸੈਲਰੀ ਖਾਤਾਧਾਰਕਾਂ ਨੂੰ ਏ.ਟੀ.ਐੱਮ. ਤੋਂ 10 ਮੁਫਤ ਲੈਣ-ਦੇਣ ਦੀ ਇਜਾਜ਼ਤ ਦੇਵੇਗਾ ਪਰ ਇਨ੍ਹਾਂ ਦੋਹਾਂ ਖਾਤਾਧਾਰਕਾਂ ਦਾ ਘੱਟੋ-ਘੱਟ ਓਪਨਿੰਗ ਬੈਲੰਸ ਇਕ ਲੱਖ ਰੁਪਏ ਹੋਣਾ ਚਾਹੀਦਾ ਹੈ ਅਤੇ ਉਹ ਪਹਿਲੇ ਪੰਜ ਮੁਫਤ ਲੈਣ-ਦੇਣ ਨਾਨ ਹੋਮ ਬੈਂਕ ਏ.ਟੀ.ਐੱਮ. ਤੋਂ ਕਰ ਸਕਦੇ ਹਨ। ਜਦੋਂਕਿ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਕੋਟਕ ਮਹਿੰਦਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਏ.ਟੀ.ਐੱਮ. ਚਾਰਜ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਏ.ਟੀ.ਐੱਮ. ਦੇ ਉਪਯੋਗ ਦੀ ਹੱਦ ਮੌਜੂਦਾ ਪੱਧਰ ’ਤੇ ਬਣੀ ਰਹੇਗੀ। ਐੱਸ.ਬੀ.ਆਈ. ਨੂੰ ਛੱਡ ਕੇ ਜਨਤਕ ਖੇਤਰ ਦੇ ਕਿਸੇ ਵੀ ਬੈਂਕ ਨੇ ਏ.ਟੀ.ਐੱਮ. ਦੇ ਪੰਜ ਤੋਂ ਵੱਧ ਵਾਰ ਦੀ ਵਰਤੋਂ ’ਤੇ ਏ.ਟੀ.ਐੱਮ. ਚਾਰਜ ਵਸੂਲਣ ਦਾ ਐਲਾਨ ਨਹੀਂ ਕੀਤਾ ਹੈ।
ਏਅਰ ਏਸ਼ੀਆ ਇੰਡੀਆ ਦਾ ਆਫਰ, ਹੁਣ 699 ਰੁਪਏ ’ਚ ਕਰੋ ਹਵਾਈ ਸਫਰ
NEXT STORY