ਲਹਿਰਾ ਮੁਹੱਬਤ (ਮਨੀਸ਼) : ਇਥੋਂ ਨੇੜਲੇ ਪਿੰਡ ਲਹਿਰਾ ਸੌਂਧਾ ਦੇ ਵਾਟਰ ਵਰਕਸ ਦੀ ਮੋਟਰ ਖਰਾਬ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਾਫੀ ਕਿੱਲਤ ਹੈ। ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਮੋਟਰ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਖੇਤਾਂ ਦੀਆਂ ਮੋਟਰਾਂ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ, ਜੋ ਕਿ ਔਖਾ ਕੰਮ ਹੈ। ਪਿੰਡ ਦੇ ਸਰਪੰਚ ਹਰਮੇਲ ਸਿੰਘ ਤੋਂ ਇਲਾਵਾ ਮੇਵਾ ਸਿੰਘ, ਕੌਰ ਸਿੰਘ, ਜਸਵੀਰ ਸਿੰਘ, ਜਗਤਾਰ ਸਿੰਘ, ਮੁਖਤਿਆਰ ਕੌਰ ਅਤੇ ਨਿਰਜੰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਸ਼ੂਆਂ ਦੇ ਪੀਣ ਲਈ ਪਾਣੀ ਅਤੇ ਹੋਰ ਨਿੱਤ ਵਰਤੋਂ ਦੇ ਕੰਮਾਂ ਲਈ ਮੁਸ਼ਕਿਲ ਆ ਰਹੀ ਹੈ। ਜਾਣਕਾਰੀ ਅਨੁਸਾਰ ਭਾਵੇਂ ਪਿੰਡ ਵਿਚ ਪੀਣ ਵਾਲੇ ਪਾਣੀ ਲਈ ਆਰ.ਓ. ਪਲਾਂਟ ਲੱਗਾ ਹੋਇਆ ਹੈ, ਫਿਰ ਵੀ ਲੋਕਾਂ ਨੂੰ ਹੋਰ ਕੰਮਾਂ ਲਈ ਪਾਣੀ ਦੀ ਲੋੜ ਪੈਂਦੀ ਹੈ, ਜੋ ਨਹੀਂ ਮਿਲ ਰਿਹਾ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਵਾਟਰ ਵਰਕਸ ਦੀ ਮੋਟਰ ਨੂੰ ਸੜਿਆਂ ਇਕ ਹਫਤੇ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਇਸ ਨੂੰ ਠੀਕ ਕਰਵਾਉਣ ਦੀ ਖੇਚਲ ਨਹੀਂ ਕੀਤੀ।
ਜਾਣਕਾਰੀ ਮੁਤਾਬਿਕ ਕੁਝ ਘਰਾਂ 'ਚ ਤਾਂ ਮੱਛੀ ਮੋਟਰਾਂ ਲੱਗੀਆਂ ਹੋਈਆਂ ਹਨ ਪਰ ਜਿਨ੍ਹਾਂ ਘਰਾਂ 'ਚ ਇਹ ਨਹੀਂ ਹਨ, ਉਹ ਨੇੜਲੇ ਖੇਤਾਂ 'ਚੋਂ ਮੋਟਰਾਂ ਦਾ ਪਾਣੀ ਲਿਆ ਕੇ ਵਰਤ ਰਹੇ ਹਨ। ਸਰਪੰਚ ਹਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨੀਂ ਲੋਕਾਂ ਦੀ ਇਸ ਸਮੱਸਿਆ ਨੂੰ ਜਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਸੀ। ਇਸ ਸੰਬੰਧੀ ਵਿਭਾਗ ਦੇ ਐਕਸੀਅਨ ਜਗਦੇਵ ਸਿੰਘ ਚਾਹਲ ਨੇ ਸੰਪਰਕ ਕੀਤੇ ਜਾਣ 'ਤੇ ਦੱਸਿਆ ਕਿ ਵਾਟਰ ਵਰਕਸ ਦੀ ਮੋਟਰ ਛੇਤੀ ਹੀ ਠੀਕ ਕਰਵਾ ਦਿੱਤੀ ਜਾਵੇਗੀ।
ਕੱਪੜਿਆਂ ਦੇ ਸ਼ੋਅਰੂਮ 'ਚੋਂ ਲੱਖਾਂ ਦੀ ਚੋਰੀ
NEXT STORY