ਜਲੰਧਰ— ਪੰਜਾਬੀ ਗਾਇਕਾਂ ਦੀ ਪ੍ਰਸਿੱਧੀ ਅੱਜ ਹਰ ਇਕ ਦੀ ਜ਼ੁਬਾਨ 'ਤੇ ਹੈ ਅਤੇ ਉਨ੍ਹਾਂ ਦੀ ਕਮਾਈ ਦੇ ਕਿੱਸੇ ਵੀ ਕਿਸੇ ਤੋਂ ਛਿਪੇ ਨਹੀਂ ਹਨ। ਇਸੇ ਲਈ ਪੰਜਾਬੀ ਕਲਾਕਾਰਾਂ 'ਤੇ ਈ. ਡੀ. (ਇਨਫਾਰਸਮੈਂਟ ਡਾਇਰੈਕਟੋਰੇਟ) ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ, ਜਿਸ ਦੇ ਚੱਲਦੇ ਗਿੱਪੀ ਗਰੇਵਾਲ, ਜੈਜ਼ੀ ਬੀ, ਮਿਸ ਪੂਜਾ ਤੇ ਦਲਜੀਤ ਦੋਸਾਂਝ ਵਰਗੇ ਪੰਜਾਬੀ ਗਾਇਕਾਂ ਨੂੰ ਈ. ਡੀ. ਦਫਤਰ ਵੱਲੋਂ ਸੰਮਨ ਭੇਜੇ ਗਏ। ਇਸ ਸਾਲ ਇਹ ਸਾਰੇ ਗਾਇਕ ਈ. ਡੀ. ਵਿਭਾਗ ਦੇ ਦਫਤਰ ਦੇ ਚੱਕਰ ਕੱਟਦੇ ਨਜ਼ਰ ਆਏ। ਇਨ੍ਹਾਂ ਗਾਇਕਾਂ 'ਤੇ ਦੋਸ਼ ਹੈ ਕਿ ਉਹ ਵਿਦੇਸ਼ਾਂ ਵਿਚ ਹੋਣ ਵਾਲੇ ਸ਼ੋਅਜ਼ ਦਾ ਪੈਸਾ ਹਵਾਲਾ ਦੇ ਕੇ ਮੰਗਵਾਉਂਦੇ ਹਨ ਅਤੇ ਉਸ ਪੈਸੇ ਨੂੰ ਗੈਰ-ਕਾਨੂੰਨੀ ਢੰਗ ਨਾਲ ਨਿਵੇਸ਼ ਕਰਦੇ ਹਨ।
ਗਿੱਪੀ ਗਰੇਵਾਲ— ਪੰਜਾਬੀ ਫਿਲਮ ਸਟਾਰ ਗਿੱਪੀ ਗਰੇਵਾਲ ਨੂੰ ਇਕ ਵਾਰ ਫਿਰ ਜਾਂਚ ਲਈ ਈ. ਡੀ. ਵਿਭਾਗ ਨੇ ਬੁਲਾਇਆ। ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਨੂੰ ਵੀ ਸੰਮਨ ਭੇਜੇ ਗਏ ਸਨ। ਇਸ ਦੌਰਾਨ ਗਿੱਪੀ ਤੇ ਉਸ ਦੀ ਪਤਨੀ ਕੋਲੋਂ ਕਾਫੀ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਗਿੱਪੀ ਨੇ ਕਈ ਦਸਤਾਵੇਜ਼ ਵੀ ਵਿਭਾਗ ਨੂੰ ਜਮਾ ਕਰਵਾਏ।
ਜੈਜ਼ੀ ਬੀ— ਈ. ਡੀ. ਵਿਭਾਗ ਨੇ ਜੈਜ਼ੀ ਬੀ ਨੂੰ ਵੀ ਹਾਜ਼ਰ ਹੋਣ ਦੇ ਹੁਕਮ ਦਿੱਤੇ ਸਨ। ਕਈ ਵਾਰ ਸੰਮਨ ਭੇਜੇ ਜਾਣ ਤੋਂ ਬਾਅਦ ਜੈਜ਼ੀ ਬੀ ਨੂੰ 11 ਦਸੰਬਰ, 2014 ਨੂੰ ਆਖਰਕਾਰ ਹਾਜ਼ਰ ਹੋਣਾ ਹੀ ਪਿਆ। ਜੈਜ਼ੀ ਬੀ ਈ. ਡੀ. ਦੇ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਦੇ ਸਾਹਮਣੇ ਪੇਸ਼ ਹੋਏ। ਈ. ਡੀ. ਅਧਿਕਾਰੀਆਂ ਨੇ ਪੰਜਾਬੀ ਗਾਇਕ ਜੈਜ਼ੀ ਬੀ ਤੋਂ ਕਰੀਬ 6 ਘੰਟਿਆਂ ਤੱਕ ਪੁੱਛਗਿੱਛ ਕੀਤੀ। ਜੈਜ਼ੀ ਬੀ ਨੂੰ ਅਗਲੀ ਵਾਰ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਲਈ ਕਿਹਾ ਗਿਆ ਹੈ।
ਮਿਸ ਪੂਜਾ— ਕਮਾਈ ਦੇ ਮਾਮਲੇ ਵਿਚ ਮਿਸ ਪੂਜਾ ਵੀ ਕਿਸੇ ਹੋਰ ਪੰਜਾਬੀ ਗਾਇਕ ਨਾਲੋਂ ਘੱਟ ਨਹੀਂ ਹੈ। ਆਪਣੀ ਕਮਾਏ ਹੋਏ ਪੈਸਿਆਂ ਦਾ ਹਿਸਾਬ-ਕਿਤਾਬ ਦੇਣ ਲਈ ਮਿਸ ਪੂਜਾ 11 ਜੁਲਾਈ, 2014 ਨੂੰ ਈ. ਡੀ. ਦੇ ਸਾਹਮਣੇ ਪੇਸ਼ ਹੋਈ। ਕਰੀਬ ਦੋ-ਢਾਈ ਘੰਟਿਆਂ ਤੱਕ ਹੋਈ ਪੁੱਛਗਿੱਛ ਦੌਰਾਨ ਮਿਸ ਪੂਜਾ ਨੇ ਕਈ ਦਸਤਾਵੇਜ਼ ਪੇਸ਼ ਕੀਤੇ ਅਤੇ ਕਈ ਸਵਾਲਾਂ ਦੇ ਜਵਾਬ ਕਲਮਬੱਧ ਕਰਵਾਏੇ।
ਦਲਜੀਤ ਦੋਸਾਂਝ— 'ਜੱਟ ਐਂਡ ਜੂਲੀਅਟ' ਤੇ 'ਪੰਜਾਬ 1984' ਵਰਗੀਆਂ ਫਿਲਮਾਂ ਨਾਲ ਚਰਚਾ ਵਿਚ ਆਏ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਸਭ ਤੋਂ ਪਹਿਲਾਂ ਈ. ਡੀ. ਦੀ ਜਾਂਚ ਵਿਚ ਸ਼ਾਮਲ ਹੋਏ ਸਨ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਈ. ਡੀ. ਵਿਭਾਗ ਨੇ ਪੰਜਾਬੀ ਗਾਇਕਾਂ ਦੇ ਵਿਦੇਸ਼ਾਂ ਵਿਚ ਹੋਣ ਵਾਲੇ ਸ਼ੋਅਜ਼ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਅਤੇ ਵਿਦੇਸ਼ਾਂ ਤੇ ਦੇਸ਼ ਵਿਚ ਉਸ ਕਮਾਈ ਨੂੰ ਕਥਿਤ ਤਰੀਕੇ ਨਾਲ ਨਿਵੇਸ਼ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ, ਜਿਸ ਤੋਂ ਬਾਅਦ ਉਪਰੋਕਤ ਪੰਜਾਬੀ ਗਾਇਕਾਂ 'ਤੇ ਸ਼ਿਕੰਜਾ ਕੱਸਿਆ ਗਿਆ।
ਪੁਲਸ ਵਾਲੇ ਨੂੰ ਮਹਿੰਗੀ ਪਈ ਉਪਰਲੀ ਕਮਾਈ (ਵੀਡੀਓ)
NEXT STORY