ਨਵੀਂ ਦਿੱਲੀ(ਯੂ. ਐੱਨ. ਆਈ.)-ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਤਵਾਦੀ ਘਟਨਾਵਾਂ ਤੇ ਔਰਤਾਂ 'ਤੇ ਹੋ ਰਹੇ ਜ਼ੁਲਮਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਦੇਸ਼ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਔਰਤਾਂ ਨੂੰ ਸਨਮਾਨ ਅਤੇ ਉਨ੍ਹਾਂ ਦੇ ਅਧਿਕਾਰ ਦੇਣ ਦੀ ਗੱਲ ਕਹੀ ਹੈ ਤਾਂ ਕਿ ਭਾਰਤ ਦੁਨੀਆ ਵਿਚ ਇਕ ਮਹਾ ਸ਼ਕਤੀ ਬਣ ਸਕੇ। ਰਾਸ਼ਟਰਪਤੀ ਮੁਖਰਜੀ ਨੇ ਅੱਜ 66ਵੇਂ ਗਣਤੰਤਰ ਦਿਵਸ ਦੀ ਪਹਿਲੀ ਸ਼ਾਮ ਮੌਕੇ ਰਾਸ਼ਟਰ ਦੇ ਨਾਂ ਸੰਬੋਧਨ ਵਿਚ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜੋ ਦੇਸ਼ ਔਰਤਾਂ ਨੂੰ ਸਤਿਕਾਰ ਦਿੰਦਾ ਹੈ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ ਉਹੀ ਵਿਸ਼ਵ ਦੀ ਮਹਾ ਸ਼ਕਤੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ 'ਤੇ ਗੋਲੀਬੰਦੀ ਦੀ ਵਾਰ-ਵਾਰ ਉਲੰਘਣਾ ਅਤੇ ਅੱਤਵਾਦੀ ਹਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਰੋਕਥਾਮ ਲਈ ਨਾ ਸਿਰਫ ਕੂਟਨੀਤੀ ਸਗੋਂ ਇਕ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਬਣਾਉਣ ਦੀ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ ਕਿ 26 ਜਨਵਰੀ ਦਾ ਦਿਨ ਸਾਡੇ ਦੇਸ਼ ਦੀ ਯਾਦ ਵਿਚ ਇਕ ਪੱਕਾ ਸਥਾਨ ਰੱਖਦਾ ਹੈ ਕਿਉਂਕਿ ਇਹ ਉਹੀ ਦਿਨ ਹੈ ਜਦੋਂ ਆਧੁਨਿਕ ਭਾਰਤ ਦਾ ਜਨਮ ਹੋਇਆ ਸੀ।
ਮਹਾਤਮਾ ਗਾਂਧੀ ਦੀ ਨੈਤਿਕ ਅਤੇ ਸਿਆਸੀ ਅਗਵਾਈ ਦੇ ਅਧੀਨ ਰਾਸ਼ਟਰੀ ਕਾਂਗਰਸ ਨੇ ਅੰਗਰੇਜ਼ੀ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦੀ ਦੀ ਮੰਗ ਕਰਦੇ ਹੋਏ ਦਸੰਬਰ 1929 ਵਿਚ ਮੁਕੰਮਲ ਸਵਰਾਜ ਦਾ ਸੰਕਲਪ ਪਾਸ ਕੀਤਾ ਸੀ।
ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਮਗਰੋਂ 1950 ਵਿਚ ਅਸੀਂ ਆਧੁਨਿਕਤਾ ਦੇ ਆਪਣੇ ਐਲਾਨ ਪੱਤਰ ਸੰਵਿਧਾਨ ਨੂੰ ਅੰਗੀਕਾਰ ਕੀਤਾ। ਇਹ ਤ੍ਰਾਸਦੀ ਸੀ ਕਿ ਗਾਂਧੀ ਜੀ ਦੋ ਸਾਲ ਪਹਿਲਾਂ ਸ਼ਹੀਦ ਹੋ ਚੁੱਕੇ ਸਨ ਪਰ ਆਧੁਨਿਕ ਵਿਸ਼ਵ ਦੇ ਸਾਹਮਣੇ ਭਾਰਤ ਨੂੰ ਆਦਰਸ਼ ਬਣਾਉਣ ਵਾਲੇ ਸੰਵਿਧਾਨ ਦੇ ਢਾਂਚੇ ਦੀ ਰਚਨਾ ਉਨ੍ਹਾਂ ਦੀ ਹੀ ਸੇਧ 'ਤੇ ਕੀਤੀ ਗਈ ਸੀ। ਇਸ ਦਾ ਸਾਰ 4 ਸਿਧਾਂਤਾਂ 'ਤੇ ਆਧਾਰਤ ਹੈ ਜਿਨ੍ਹਾਂ ਵਿਚ ਲੋਕਤੰਤਰ, ਧਰਮ ਦੀ ਆਜ਼ਾਦੀ, ਲਿੰਗਿਕ ਸਮਾਨਤਾ ਅਤੇ ਗਰੀਬੀ ਦੇ ਜਾਲ ਵਿਚ ਫਸੇ ਲੋਕਾਂ ਦਾ ਆਰਥਿਕ ਪੱਖ ਸੁਧਾਰਨਾ ਸ਼ਾਮਲ ਹੈ।
ਸ਼੍ਰੀ ਮੁਖਰਜੀ ਨੇ ਕਿਹਾ ਕਿ ਪਿਛਲਾ ਸਾਲ ਕਈ ਪੱਖਾਂ ਤੋਂ ਵਧੀਆ ਰਿਹਾ। ਖਾਸ ਕਰ 3 ਦਹਾਕਿਆਂ ਮਗਰੋਂ ਜਨਤਾ ਨੇ ਸਥਾਈ ਸਰਕਾਰ ਲਈ ਇਕ ਇਕੱਲੀ ਪਾਰਟੀ ਨੂੰ ਬਹੁਮਤ ਦਿੰਦੇ ਹੋਏ ਸੱਤਾ ਵਿਚ ਲਿਆਉਣ ਲਈ ਵੋਟਾਂ ਪਾਈਆਂ ਅਤੇ ਇਸ ਪ੍ਰਕਿਰਿਆ ਵਿਚ ਦੇਸ਼ ਦੇ ਸ਼ਾਸਨ ਨੂੰ ਗਠਜੋੜ ਦੀ ਸਿਆਸਤ ਦੀਆਂ ਮਜਬੂਰੀਆਂ ਤੋਂ ਮੁਕਤ ਕੀਤਾ ਹੈ। ਵੋਟਰ ਨੇ ਆਪਣਾ ਕਾਰਜ ਪੂਰਾ ਕਰ ਦਿੱਤਾ ਹੈ। ਹੁਣ ਇਹ ਚੁਣੇ ਹੋਏ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਭਰੋਸੇ ਦਾ ਸਨਮਾਨ ਕਰਨ। ਇਹ ਵੋਟ ਇਕ ਸਾਫ-ਸੁਥਰੇ, ਹੁਨਰਮੰਦ, ਕਾਰਗਰ, ਪਾਰਦਰਸ਼ੀ ਜਵਾਬਦੇਹ ਅਤੇ ਨਾਗਰਿਕ ਅਨੁਕੂਲ ਸ਼ਾਸਨ ਲਈ ਸੀ।
ਕੁਮਾਰ ਵਿਸ਼ਵਾਸ 'ਤੇ ਸੁੱਟੇ ਗਏ ਅੰਡੇ
NEXT STORY