ਸ਼੍ਰੋਮਣੀ ਕਮੇਟੀ ਹੁਣ ਤਖਤ ਸਾਹਿਬਾਨ ਨੂੰ ਲੈ ਕੇ ਭੰਬਲਭੂਸਾ ਪੈਦਾ ਨਾ ਕਰੇ : ਦਾਦੂਵਾਲ
ਤਲਵੰਡੀ ਸਾਬੋ, (ਮੁਨੀਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਚੌਥੇ ਦੀ ਬਜਾਏ ਪੰਜਵਾਂ ਤਖਤ ਦੱਸਣ ਨਾਲ ਇਕ ਹੋਰ ਵਿਵਾਦ ਪੈਦਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਚੌਥੇ ਤਖਤ ਵਜੋਂ ਹੀ ਜਾਣਿਆ ਜਾਂਦਾ ਰਿਹਾ ਹੈ। ਹੋਰ ਤਾਂ ਹੋਰ 12 ਸਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਆਪਣੇ ਹਰ ਸੰਬੋਧਨ ਵਿਚ ਦਮਦਮਾ ਸਾਹਿਬ ਨੂੰ ਸਿੱਖਾਂ ਦਾ ਚੌਥਾ ਤਖਤ ਹੀ ਕਹਿੰਦੇ ਰਹੇ ਹਨ ਪਰ ਇਸ ਮਾਮਲੇ ਨੂੰ ਲੈ ਕੇ ਵਿਵਾਦ ਉਦੋਂ ਪੈਦਾ ਹੋ ਗਿਆ, ਜਦੋਂ ਬੀਤੇ ਦਿਨੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵ-ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਤਾਜਪੋਸ਼ੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਗੁਰਮੁਖ ਸਿੰਘ ਨੂੰ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਕਹਿ ਕੇ ਸੰਬੋਧਨ ਕੀਤਾ।
ਜਦੋਂ ਪੱਤਰਕਾਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਸਮਾਗਮ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਵਿਚ ਇਹ ਮੁੱਦਾ ਉਠਾਇਆ ਤਾਂ ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦਾ ਪੰਜਵਾਂ ਤਖਤ ਹੀ ਹੈ। ਜਦੋਂ ਉਨ੍ਹਾਂ ਨੂੰ ਯਾਦ ਦਿਵਾਇਆ ਗਿਆ ਕਿ ਆਪਣੇ 12 ਸਾਲਾਂ ਦੇ ਜਥੇਦਾਰੀ ਦੇ ਕਾਰਜਕਾਲ ਦੌਰਾਨ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਇਸ ਨੂੰ ਸਿੱਖਾਂ ਦਾ ਚੌਥਾ ਤਖਤ ਹੀ ਮੰਨਦੇ ਰਹੇ ਹਨ ਤਾਂ ਫਿਰ ਹੁਣ ਇਹ ਪੰਜਵਾਂ ਕਿਵੇਂ ਹੋ ਗਿਆ ਤਾਂ ਪ੍ਰਧਾਨ ਨੇ ਕਿਹਾ ਕਿ ਇਕ ਬੰਦੇ ਦੇ ਮੰਨਣ ਨਾਲ ਕੀ ਹੁੰਦੈ, ਜਦੋਂਕਿ ਪੂਰੀ ਕੌਮ ਇਸ ਨੂੰ ਪੰਜਵਾਂ ਤਖਤ ਹੀ ਮੰਨਦੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ 'ਤੇ ਇਸ ਤਖਤ ਨੂੰ ਚੌਥਾ ਤਖਤ ਹੀ ਦੱਸਿਆ ਗਿਆ ਹੈ। ਇੰਨਾ ਹੀ ਨਹੀਂ, ਤਖਤ ਸਾਹਿਬ ਦੇ ਬਿਲਕੁਲ ਅੰਦਰ ਲਗਾਏ ਬੋਰਡ 'ਤੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦਾ ਚੌਥਾ ਤਖਤ ਹੀ ਲਿਖਿਆ ਗਿਆ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਦਮਦਮਾ ਸਾਹਿਬ ਨੂੰ ਪੰਜਵਾਂ ਤਖਤ ਦੱਸਣ ਨਾਲ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ।
ਇਸ ਸੰਬੰਧੀ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਬਾਰੇ ਜਿੰਨੇ ਵੀ ਸਿੱਖ ਵਿਦਵਾਨਾਂ ਨੇ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ, ਉਨ੍ਹਾਂ ਵਿਚ ਦਮਦਮਾ ਸਾਹਿਬ ਨੂੰ ਸਿੱਖ ਕੌਮ ਦਾ ਚੌਥਾ ਤਖਤ ਹੀ ਮੰਨਿਆ ਗਿਆ ਅਤੇ ਸੰਗਤ ਵੀ ਇਸ ਨੂੰ ਚੌਥੇ ਤਖਤ ਵਜੋਂ ਜਾਣਦੀ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਪੰਜਵਾਂ ਤਖਤ ਦੱਸ ਕੇ ਭੰਬਲਭੂਸਾ ਪੈਦਾ ਨਾ ਕਰੇ, ਸਗੋਂ ਜੇ ਉਨ੍ਹਾਂ ਤੋਂ ਗਲਤੀ ਨਾਲ ਪੰਜਵੇਂ ਤਖਤ ਵਾਲੀ ਗੱਲ ਕਹੀ ਗਈ ਹੈ ਤਾਂ ਉਨ੍ਹਾਂ ਨੂੰ ਆਪਣੀ ਗਲਤੀ ਸਵੀਕਾਰ ਕਰਨ ਵਿਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।
ਬਾਦਲ ਗਲਤ ਦੋਸ਼ਾਂ ਲਈ ਬੀ. ਐੱਸ. ਐੱਫ. ਤੋਂ ਮੁਆਫੀ ਮੰਗਣ : ਖਹਿਰਾ
NEXT STORY