ਬਾਦਲ ਅਤੇ ਮੁਫਤੀ ਸਰਕਾਰ 'ਚ ਕੋਈ ਫਰਕ ਨਹੀਂ : ਸ਼ਿਵ ਸੈਨਾ
ਜਲੰਧਰ(ਖੁਰਾਣਾ)—ਸ਼ਿਵ ਸੈਨਾ ਪੰਜਾਬ ਵਲੋਂ ਚੇਅਰਮੈਨ ਰਾਜੀਵ ਟੰਡਨ, ਪੰਜਾਬ ਪ੍ਰਧਾਨ ਸੰਜੀਵ ਘਨੌਲੀ ਅਤੇ ਜ਼ਿਲਾ ਪ੍ਰਧਾਨ ਰੂਬਲ ਸੰਧੂ ਦੀ ਅਗਵਾਈ ਵਿਚ ਬੀ. ਐੱਮ. ਸੀ. ਚੌਕ ਸਥਿਤ ਸਵ. ਬੇਅੰਤ ਸਿੰਘ ਦੇ ਬੁੱਤ ਨੇੜੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੰਗ ਕੀਤੀ ਗਈ ਕਿ ਰਾਜੋਆਣਾ, ਹਵਾਰਾ ਅਤੇ ਭੁੱਲਰ ਵਰਗੇ ਅੱਤਵਾਦੀਆਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ। ਸ਼ਿਵ ਸੈਨਿਕਾਂ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਅਤੇ ਜੰਮੂ-ਕਸ਼ਮੀਰ ਦੀ ਪੀ. ਡੀ. ਪੀ. ਸਰਕਾਰ ਵਿਚ ਕੋਈ ਫਰਕ ਨਹੀਂ ਹੈ ਕਿਉਂਕਿ ਦੋਵੇਂ ਸਰਕਾਰਾਂ ਖਤਰਨਾਕ ਅੱਤਵਾਦੀਆਂ ਨੂੰ ਛੱਡਣ ਵਿਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਦਾਲਤ ਨੇ ਫਾਂਸੀ ਅਤੇ ਹੋਰ ਸਜ਼ਾਵਾਂ ਦਿੱਤੀਆਂ ਹੋਈਆਂ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਅੱਤਵਾਦੀ ਮਾਸੂਮਾਂ ਦੇ ਹਤਿਆਰੇ ਹਨ ਪਰ ਪੰਜਾਬ ਸਰਕਾਰ ਦੇ ਨਰਮ ਰਵੱਈਏ ਨੂੰ ਦੇਖਦੇ ਹੋਏ ਇਨ੍ਹਾਂ ਅੱਤਵਾਦੀਆਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਹੋਇਆ। ਸ਼ਿਵ ਸੈਨਿਕਾਂ ਨੇ ਸਵਾਲ ਕੀਤਾ ਕਿ ਸੂਰਤ ਸਿੰਘ ਖਾਲਸਾ ਅਤੇ ਗੁਰਬਖਸ਼ ਸਿੰਘ ਉਦੋਂ ਕਿਥੇ ਸਨ, ਜਦੋਂ ਪੰਜਾਬ ਦੇ ਹਿੰਦੂਆਂ ਨੂੰ ਚੁਣ-ਚੁਣ ਕੇ ਬੱਸਾਂ ਵਿਚੋਂ ਕੱਢ ਕੇ ਮਾਰਿਆ ਜਾ ਰਿਹਾ ਸੀ। ਇਨ੍ਹਾਂ ਦੋਵਾਂ ਦੇ ਪਰਿਵਾਰਾਂ ਦੀ ਖਾਲਿਸਤਾਨ ਹਮਾਇਤੀਆਂ ਨਾਲ ਸੰਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਭਾਰਤ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਹਿੰਦੂਆਂ ਵਿਚ ਜੋ ਆਸ ਦੀ ਕਿਰਨ ਪੈਦਾ ਹੋਈ ਸੀ, ਉਹ ਹੁਣ ਮੱਧਮ ਹੁੰਦੀ ਜਾ ਰਹੀ ਹੈ ਕਿਉਂਕਿ ਬਜਟ ਅਤੇ ਹੋਰ ਐਲਾਨਾਂ ਵਿਚ ਅੱਤਵਾਦ ਪੀੜਤ ਪਰਿਵਾਰਾਂ ਲਈ ਕਿਸੇ ਤਰ੍ਹਾਂ ਦੇ ਪੈਕੇਜ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਸ਼ਿਵ ਸੈਨਾ ਨੇ ਅੱਤਵਾਦ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ 'ਤੇ ਸੰਘਰਸ਼ ਸ਼ੁਰੂ ਕੀਤਾ ਹੈ ਜੋ ਅੱਗੇ ਵੀ ਜਾਰੀ ਰਹੇਗਾ। ਇਸ ਦੌਰਾਨ ਸੂਬਾ ਮੀਤ ਪ੍ਰਧਾਨ ਬਲਦੇਵ ਭਾਰਦਵਾਜ, ਰਾਜੇਸ਼ ਪਲਟਾ, ਰਵੀ ਸ਼ਰਮਾ, ਰਾਕੇਸ਼ ਅਰੋੜਾ, ਅਮਿਤ ਅਰੋੜਾ, ਭਾਨੂੰ ਰਾਜ ਰੋਹਿਤ, ਦੀਪਕ, ਅਸ਼ਵਨੀ ਸ਼ਰਮਾ, ਪ੍ਰਿੰਸ ਕੁੰਡਲ ਆਦਿ ਵੀ ਮੌਜੂਦ ਸਨ।
ਮਨਮੋਹਨ ਸਿੰਘ ਦੀ ਨਿਸ਼ਠਾ ਤੇ ਈਮਾਨਦਾਰੀ 'ਤੇ ਸ਼ੱਕ ਕਰਨਾ ਮੂਰਖਤਾ : ਅਮਰਿੰਦਰ
NEXT STORY