ਜਲੰਧਰ : ਸ਼ੁਕਰਵਾਰ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਲੋਕਾਂ ਨੂੰ ਲੁੱਟਣ ਵਾਲਾ ਗਿਰੋਹ ਆਖਿਰਕਾਰ ਬੇਨਕਾਬ ਹੋ ਗਿਆ। ਇਸ ਦੌਰਾਨ 'ਜਗ ਬਾਣੀ' ਦੀ ਟੀਮ ਵਲੋਂ ਇਕ ਸਟਿੰਗ ਆਪਰੇਸ਼ਨ ਕੀਤਾ ਗਿਆ ਜਿਸ ਵਿਚ ਪੁਲਸ ਦਾ ਹੈਰਾਨ ਕਰ ਦੇਣ ਵਾਲਾ ਚਿਹਰਾ ਸਾਹਮਣੇ ਆਇਆ ਹੈ। ਜਿਸ ਵਿਚ ਪੁਲਸ ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਨਾਬਾਲਿਗ ਚੋਰਾਂ ਨੂੰ ਬੇਰਹਿਮੀ ਨਾਲ ਕੁੱਟ ਰਹੇ ਹਨ। ਗੱਲ ਸਿਰਫ ਕੁੱਟਣ ਤੱਕ ਹੀ ਸੀਮਿਤ ਨਹੀਂ ਰਹਿੰਦੀ ਸਗੋਂ ਪੁਲਸ ਵਾਲੇ ਇਨ੍ਹਾਂ ਨਾਬਾਲਿਗ ਚੋਰਾਂ ਨੂੰ ਪਹਿਲਾਂ ਡੰਡਿਆਂ ਨਾਲ ਕੁੱਟਦੇ ਫਿਰ ਉਨ੍ਹਾਂ ਦੇ ਕੱਪੜੇ ਉਤਾਰ ਕੇ ਸੁਰਖ ਨੰਗੇ ਕਰ ਦਿੰਦੇ ਹਨ ਅਤੇ ਬੇਤਹਾਸ਼ਾ ਗਾਲ੍ਹਾਂ ਵੀ ਕੱਢਦੇ ਹਨ।
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਨਾਬਾਲਿਗ ਚੋਰਾਂ ਨੂੰ ਅਲਫ ਨੰਗੇ ਕਰਕੇ ਕੁੱਟਣ ਦਾ ਹੱਕ ਪੁਲਸ ਨੂੰ ਕਿਸ ਨੇ ਦਿੱਤਾ ਹੈ। ਜੇ ਕਾਨੂੰਨ ਹੀ ਅਜਿਹੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਵੇਗਾ ਤਾਂ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਕਾਫੀ ਦਿਨਾਂ ਤੋਂ ਸਿਵਲ ਹਸਪਤਾਲ ਵਿਚ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਨੇ ਪੁਲਸ ਨੂੰ ਵਕਤ ਪਾਇਆ ਹੋਇਆ ਸੀ। ਜਿਸ ਨੂੰ ਆਖਿਰਕਾਰ ਹਸਪਤਾਲ 'ਚ ਤਾਇਨਾਤ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜਿਸ ਵਿਚ ਤਿੰਨ ਚੋਰ ਗ੍ਰਿਫਤਾਰ ਹੋਏ ਅਤੇ ਤਿੰਨੇ ਹੀ ਨਾਬਾਲਿਗ ਸਨ। ਜਿਨ੍ਹਾਂ ਨੂੰ ਥਾਣਾ ਚਾਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਭਾਵੇਂ ਕੁੱਝ ਵੀ ਹੋਵੇ ਇਸ ਤਰ੍ਹਾਂ ਨਾਬਾਲਿਗ ਚੋਰਾਂ ਨੂੰ ਕੁੱਟਣਾ ਇਕ ਅਣਮਨੁੱਖੀ ਕਾਰਾ ਹੈ ਅਤੇ ਇਸ ਘਟਨਾ ਨੇ ਇਕ ਵਾਰ ਫਿਰ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ।
ਤਲਾਕ ਦੀ ਅਰਜ਼ੀ ਦਾਇਰ ਕਰਨ ਤੋਂ ਬਾਅਦ ਮੀਡੀਆ ਸਾਹਮਣੇ ਬੋਲੇ ਭਗਵੰਤ ਮਾਨ (ਵੀਡੀਓ)
NEXT STORY