ਦੁਬਈ— ਚਾਰ ਭਾਰਤੀਆਂ ਨੂੰ ਕਥਿਤ ਤੌਰ 'ਤੇ ਫਰਜ਼ੀ ਕ੍ਰੇਡਿਟ ਕਾਰਡ ਦੀ ਵਰਤੋਂ ਕਰਕੇ 45 ਸਮਾਰਟਫੋਨ ਖਰੀਦਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਫੋਨਾਂ ਦੀ ਕੀਮਤ 28 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਇਹ ਘਟਨਾ ਬਹਿਰੀਨ 'ਚ ਹੋਈ। ਇਥੋਂ ਦੀ ਇਕ ਅਖਬਾਰ ਮੁਤਾਬਕ ਕੱਲ ਇਕ ਜਸੂਸ ਨੇ ਹਾਈ ਕ੍ਰਿਮਿਨਲ ਅਦਾਲਤ 'ਚ ਦਸਤਾਵੇਜ਼ ਪੇਸ਼ ਕੀਤੇ ਕਿ ਦੋਸ਼ੀ ਪੇਸ਼ੇਵਰ ਹਨ। ਜਸੂਸ ਨੇ ਇਸਤਗਾਸਾ ਪੱਖ ਨੂੰ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਚਾਰ ਭਾਰਤੀ ਬਹਿਰੀਨ 'ਚ ਸਿਟੀ ਸੈਂਟਰ ਤੋਂ ਇਕ ਇਲੈਕਟ੍ਰੋਨਿਕ ਸ਼ਾਪ 'ਚੋਂ 50 ਮੋਬਾਈਲ ਫੋਨਾਂ ਦੀ ਖਰੀਦਦਾਰੀ ਕਰ ਰਹੇ ਹਨ। ਉਸ ਨੇ ਦੱਸਿਆ ਕਿ ਅਸੀਂ ਉਨ੍ਹਾਂ ਦਾ ਇਕ ਸਟਿੰਗ ਕਰਨ ਦੀ ਯੋਜਨਾ ਬਣਾਈ ਤਾਂ ਜੋ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ ਜਾ ਸਕੇ। ਉਨ੍ਹਾਂ 'ਚੋਂ ਦੋ ਲੋਕ ਜਦੋਂ ਦੁਕਾਨ 'ਤੇ ਆਏ ਅਤੇ ਆਪਣੇ ਫਰਜ਼ੀ ਕ੍ਰੇਡਿਟ ਕਾਰਡਾਂ ਦੀ ਵਰਤੋਂ ਕੀਤੀ ਤਾਂ ਅਸੀਂ ਉਨ੍ਹਾਂ ਨੂੰ ਧਰ ਦਬੋਚਿਆ। ਬਾਅਦ 'ਚ ਉਨ੍ਹਾਂ ਦੀ ਮਦਦ ਨਾਲ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਫੜ ਲਿਆ ਗਿਆ। ਅਖਬਾਰ ਨੇ ਜਸੂਸ ਦੇ ਹਵਾਲੇ ਤੋਂ ਲਿਖਿਆ ਹੈ ਕਿ ਉਹ ਪੇਸ਼ੇਵਰ ਹਨ। ਉਨ੍ਹਾਂ ਨੇ ਫਰਜ਼ੀ ਕ੍ਰੇਡਿਟ ਕਾਰਡ ਰਹੀਂ ਆਪਣੇ ਫੋਨ ਆਨਲਾਈਨ ਖਰੀਦੇ ਸਨ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਅਪਰਾਧ ਕਰ ਚੁੱਕੇ ਹਨ। ਉਨ੍ਹਾਂ ਕੋਲੋਂ 18 ਫਰਜ਼ੀ ਕ੍ਰੇਡਿਟ ਕਾਰਡ ਬਰਾਮਦ ਕੀਤੇ ਗਏ ਹਨ। ਚਾਰਾਂ ਲੋਕਾਂ ਨੇ ਖੁਦ ਨੂੰ ਬੇਕਸੂਰ ਦੱਸਿਆ। ਉਨ੍ਹਾਂ 'ਤੇ ਇਨ੍ਹਾਂ ਫਰਜ਼ੀ ਕ੍ਰੇਡਿਟ ਕਾਰਡਾਂ ਦੀ ਵਰਤੋਂ ਕਰਕੇ 45 ਸੈਮਸੰਗ ਨੋਟ ਫੋਰ ਫੋਨ ਅਤੇ ਚਾਰ ਆਈਫੋਨ ਖਰੀਦਣ ਦਾ ਦੋਸ਼ ਹੈ। ਇਨ੍ਹਾਂ ਦੀ ਕੀਮਤ 17,000 ਬਹਿਰੀਨੀ ਦਿਨਾਰ ਹੈ। ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਉਹ ਸੈਮਸੰਗ ਅਤੇ ਐਪਲ ਦੇ 15 ਹੋਰ ਫੋਨ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਇਸ ਮਾਮਲੇ ਦੀ ਸੁਣਵਾਈ 11 ਮਈ ਨੂੰ ਹੋਣੀ ਹੈ।
ਸਮੁੰਦਰ 'ਚ ਗੁਆਚੇ ਮਲਾਹ ਲਈ ਹੋਇਆ ਕਰਿਸ਼ਮਾ (ਦੇਖੋ ਤਸਵੀਰਾਂ)
NEXT STORY