ਪਟਿਆਲਾ (ਸੁਖਦੀਪ)-ਰਜਿੰਦਰਾ ਹਸਪਤਾਲ ਪਟਿਆਲਾ ਵਿਚ ਵਾਹਨਾਂ ਦੀ ਸੇਫਟੀ ਲਈ ਬਣਿਆ ਸਕੂਟਰ/ਕਾਰ ਸਟੈਂਡ ਸਿਰਫ ਲੁੱਟ ਦਾ ਧੰਦਾ ਹੀ ਬਣ ਕੇ ਰਹਿ ਗਿਆ ਹੈ, ਜਦੋਂ ਕਿ ਕਾਰ, ਜੀਪ ਜਾਂ ਸਕੂਟਰ, ਮੋਟਰਸਾਈਕਲ ਆਦਿ ਨੂੰ ਖੜ੍ਹਾ ਕਰਨ ਲਈ ਸੰਬੰਧਿਤ ਠੇਕੇਦਾਰ ਨੇ ਕੋਈ ਵਧੀਆ ਪ੍ਰਬੰਧ ਨਹੀਂ ਕੀਤੇ ਹੋਏ, ਬਲਕਿ ਹਸਪਤਾਲ ਵਿਚ ਬਣੀਆਂ ਸੜਕਾਂ ਦੇ ਕਿਨਾਰੇ, ਓ. ਪੀ. ਡੀ. ਸਾਹਮਣੇ ਅਤੇ ਨੋ ਪਾਰਕਿੰਗ ਵਾਲੀਆਂ ਥਾਵਾਂ 'ਤੇ ਹੀ ਕਾਰਾਂ ਖੜ੍ਹੀਆਂ ਕਰਵਾਈਆਂ ਜਾਂਦੀਆਂ ਹਨ ਜੋ ਮਰੀਜ਼ਾਂ ਅਤੇ ਆਮ ਲੋਕਾਂ ਲਈ ਜਿਥੇ ਸਿਰਦਰਦੀ ਦਾ ਕਾਰਨ ਬਣਦੀਆਂ ਹਨ, ਉਥੇ ਕਈ ਵਾਰ ਟ੍ਰੈਫਿਕ ਸਮੱਸਿਆ ਕਾਰਨ ਕਾਰਾਂ ਨੁਕਸਾਨੀਆਂ ਵੀ ਜਾਂਦੀਆ ਹਨ। ਅਜਿਹਾ ਵਾਪਰਨ ਉਪਰੰਤ ਠੇਕੇਦਾਰ ਵਲੋਂ ਰੱਖੇ ਮੁਲਾਜ਼ਮ ਗੁੰਡਾਗਰਦੀ 'ਤੇ ਉਤਰਦੇ ਹੋਏ ਸੰਤੋਖਜਨਕ ਜਵਾਬ ਦੇਣ ਦੀ ਬਜਾਏ ਉਲਟਾ ਗਾਹਕ ਦੇ ਗਲ ਪੈਂਦੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਸਪਤਾਲ ਵਲੋਂ ਮੈਡੀਕਲ ਸੁਪਰਡੈਂਟ ਨੇ ਸਾਈਕਲ 1 ਰੁਪਏ, ਸਕੂਟਰ/ਮੋਟਰਸਾਈਕਲ 2 ਰੁਪਏ ਅਤੇ ਕਾਰ/ਜੀਪ ਆਦਿ ਦਾ 3 ਰੁਪਏ ਪ੍ਰਤੀ ਚੱਕਰ ਲੈਣ ਦੇ ਹੁਕਮ ਕੀਤੇ ਹੋਏ ਹਨ ਪਰ ਸੰਬੰਧਿਤ ਠੇਕੇਦਾਰ ਸਕੂਟਰ/ਮੋਟਰਸਾਈਕਲ ਵਾਲੇ ਤੋਂ 10 ਰੁਪਏ ਅਤੇ ਕਾਰ/ਜੀਪ ਵਾਲੇ ਤੋਂ 20 ਰੁਪਏ ਬਟੋਰ ਰਹੇ ਹਨ। ਇਥੇ ਹੀ ਬਸ ਨਹੀਂ, ਜੇਕਰ ਕੋਈ ਵਾਹਨ ਰਾਤ ਭਰ ਸਟੈਂਡ ਵਿਚ ਰੁਕ ਜਾਂਦਾ ਹੈ ਤਾਂ ਉਸ ਤੋਂ ਦੁੱਗਣੇ ਰੁਪਏ ਵਸੂਲੇ ਜਾਂਦੇ ਹਨ। ਅਜਿਹੀ ਲੁੱਟ ਖਿਲਾਫ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਪਹੁੰਚੇ ਲੋਕਾਂ ਨੇ ਕਈ ਵਾਰ ਆਵਾਜ਼ ਉਠਾਈ ਹੈ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਹਸਪਤਾਲ ਦੀ ਮੈਨੇਜਮੈਂਟ ਵਲੋਂ ਵਾਹਨ ਪਾਰਕਿੰਗ ਕਰਨ ਵਾਲੇ ਹਰ ਵਿਅਕਤੀ ਲਈ ਮੈਨੇਜਮੈਂਟ ਵਲੋਂ ਤੈਅ ਕੀਤੇ ਰੇਟਾਂ ਅਨੁਸਾਰ ਕੀਮਤ ਛਪੀ ਹੋਈ ਪਰਚੀ ਦੇਣੀ ਜ਼ਰੂਰੀ ਹੈ ਪਰ ਠੇਕੇਦਾਰ ਵਲੋਂ ਜੋ ਪਰਚੀ ਦਿੱਤੀ ਜਾਂਦੀ ਹੈ, ਉਸ 'ਤੇ ਕੋਈ ਰੇਟ ਨਹੀਂ ਲਿਖਿਆ ਹੁੰਦਾ ਬਲਕਿ ਆਪਣੇ ਵਲੋਂ ਛਾਪੀਆਂ ਸਿਰਫ ਹਦਾਇਤਾਂ ਦੀ ਰਸੀਦ ਦੇ ਦਿੱਤੀ ਜਾਂਦੀ ਹੈ, ਜਿਸ ਕਾਰਨ ਆਮ ਵਿਅਕਤੀ ਠੇਕੇਦਾਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ।
5 ਰੁਪਏ ਤੋਂ ਵੱਧ ਕਿਰਾਇਆ ਵਸੂਲਣਾ ਗੈਰਕਾਨੂੰਨੀ ਕਾਰਵਾਈ ਹੋਵੇਗੀ : ਮੈਡੀਕਲ ਸੁਪਰਡੈਂਟ ਡਾ. ਭਾਰਦਵਾਜ : ਇਸ ਮਾਮਲੇ ਸਬੰਧੀ ਮੈਡੀਕਲ ਸੁਪਰਡੈਂਟ ਡਾ. ਬੀ. ਐੱਲ. ਭਾਰਦਵਾਜ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ, ਠੇਕੇਦਾਰ ਨੂੰ ਚਿਤਾਵਨੀ ਦਿੱਤੀ ਗਈ ਸੀ ਅਤੇ ਪੁਲਸ ਨੂੰ ਲਿਖਤੀ ਪੱਤਰ ਭੇਜ ਕੇ ਕਾਰਵਾਈ ਕਰਨ ਲਈ ਕਿਹਾ ਸੀ ਪਰ ਕੋਈ ਅਮਲ ਨਹੀਂ ਹੋਇਆ।
ਉਨ੍ਹਾਂ ਇਹ ਵੀ ਕਿਹਾ ਕਿ ਸਟੈਂਡ ਵਿਚ ਵਾਹਨ ਖੜ੍ਹਾ ਕਰਨ 'ਤੇ 5 ਰੁਪਏ ਤੋਂ ਵੱਧ ਕੋਈ ਚਾਰਜ ਨਹੀਂ ਹੈ, ਜੇਕਰ ਠੇਕੇਦਾਰ ਵਲੋਂ ਖੁੱਲ੍ਹੇਆਮ 10 ਤੋਂ 20 ਰੁਪਏ ਤੱਕ ਵਸੂਲੇ ਜਾ ਰਹੇ ਹਨ ਤਾਂ ਉਹ ਆਮ ਲੋਕਾਂ ਦੀ ਲੁੱਟ ਕਰਦਾ ਹੋਇਆ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਡਾ. ਭਾਰਦਵਾਜ ਨੇ ਕਿਹਾ ਕਿ ਦੁਬਾਰਾ ਉਸ ਨੂੰ ਲਿਖਤੀ ਵਾਰਨਿੰਗ ਭੇਜੀ ਜਾਵੇਗੀ ਕਿ ਜੇਕਰ ਉਹ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਪੰਜਾਬ ਦੇ ਇਸ ਪਿੰਡ ਦੀ ਅਕਸ਼ੇ ਨੇ ਬਦਲੀ ਨੁਹਾਰ (ਦੇਖੋ ਤਸਵੀਰਾਂ)
NEXT STORY