ਧੂਰੀ(ਲਾਭ ਸਿੰਘ ਸਿੱਧੂ)—ਇਸ ਸਾਲ ਦੇ ਅਖੀਰ ਤਕ ਪੰਜਾਬ ਸਰਕਾਰ ਦੇ ਸਾਰੇ ਮਹਿਕਮਿਆਂ ਦਾ ਕੰਮ ਆਨਲਾਈਨ ਹੋ ਜਾਵੇਗਾ ਅਤੇ ਇਹ ਦੇਸ਼ ਦੀ ਪਹਿਲੀ ਸਰਕਾਰ ਹੋਵੇਗੀ, ਜਿਹੜੀ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਇਹ ਗੱਲ ਪੰਜਾਬ ਦੇ ਡਿਪਟੀ ਮੁੱਖ ਸੁਖਬੀਰ ਬਾਦਲ ਨੇ ਧੂਰੀ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਸਮੇਂ ਪਾਰਟੀ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ 'ਚ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਕੰਮ ਛੇਤੀ ਨੇਪਰੇ ਚਾੜ੍ਹਨ ਲਈ ਹਰੇਕ ਸ਼ਹਿਰ ਦੇ 2-2 ਵਾਰਡਾਂ ਨੂੰ ਇਕੱਠੇ ਕਰਕੇ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਬਹੁਤ ਸਾਰੇ ਵਾਰਡਾਂ 'ਚ ਇਹ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਪਿੰਡਾਂ 'ਚ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾਂ ਵਿਚ 200 ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਉਨ੍ਹਾਂ ਨੂੰ ਕੰਮਾਂ ਲਈ ਕਿਤੇ ਦੂਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਤਾ ਦੀ ਭਲਾਈ ਲਈ ਸਰਕਾਰ ਹੋਰ ਵੀ ਕਈ ਅਹਿਮ ਫੈਸਲੇ ਲੈ ਰਹੀ ਹੈ। ਸ਼ਹਿਰਾਂ 'ਚ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਡੇਢ ਸਾਲ ਤਕ ਸਾਰੇ ਸ਼ਹਿਰਾਂ ਤੇ ਕਸਬਿਆਂ 'ਚ 100 ਫੀਸਦੀ ਸੀਵਰੇਜ ਸਿਸਟਮ ਤੇ ਵਾਟਰ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਸ਼ਹਿਰ ਦੀਆਂ ਸੜਕਾਂ ਦੇ ਕੰਮ ਵੀ ਛੇਤੀ ਕਰਵਾਏ ਜਾਣਗੇ ਅਤੇ ਇਸ ਸੰਬੰਧੀ ਟੈਂਡਰ ਪ੍ਰਕਿਰਿਆ ਜਲਦ ਹੀ ਆਰੰਭ ਹੋ ਜਾਵੇਗੀ। ਅਕਾਲੀ-ਭਾਜਪਾ ਦੇ ਰਿਸ਼ਤਿਆਂ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੋਵਾਂ ਪਾਰਟੀਆਂ 'ਚ ਨਹੁੰ-ਮਾਸ ਦਾ ਰਿਸ਼ਤਾ ਹੈ। ਦੋਵਾਂ ਪਾਰਟੀਆਂ ਨੇ ਕਦੇ ਵੀ ਸ਼ਰਤਾਂ ਰੱਖ ਕੇ ਗੱਲ ਨਹੀਂ ਕੀਤੀ। ਜਿਹੜੇ ਲੋਕ ਦੋਵਾਂ ਪਾਰਟੀਆਂ ਦੇ ਰਿਸ਼ਤਿਆਂ ਬਾਰੇ ਉਂਗਲੀ ਚੁੱਕਦੇ ਸਨ, ਹੁਣ ਉਨ੍ਹਾਂ ਨੂੰ ਵੀ ਸਮਝ ਪੈ ਗਈ ਹੈ ਕਿ ਇਹ ਗੱਠਜੋੜ ਟੁੱਟਣ ਵਾਲਾ ਨਹੀਂ ਹੈ। ਇਸ ਮੌਕੇ 'ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪੀ. ਡਬਲਯੂ. ਡੀ. ਮੰਤਰੀ ਜਨਮੇਜਾ ਸਿੰਘ ਸੇਖੋਂ, ਚਰਨਜੀਤ ਸਿੰਘ ਬਰਾੜ ਤੇ ਪਰਮਜੀਤ ਸਿੰਘ ਸਿੱਧਵਾਂ (ਦੋਵੇਂ ਓ. ਐੱਸ. ਡੀ. ਡਿਪਟੀ ਮੁੱਖ ਮੰਤਰੀ), ਭਾਜਪਾ ਨੇਤਾ ਮਨੋਰੰਜਨ ਕਾਲੀਆ ਤੇ ਹੋਰ ਆਗੂ ਮੌਜੂਦ ਸਨ।
ਕਾਂਗਰਸ ਭਲਕੇ ਨਵਾਂਸ਼ਹਿਰ 'ਚ ਕਰੇਗੀ ਸੂਬਾ ਪੱਧਰੀ ਰੋਸ ਪ੍ਰਦਰਸ਼ਨ
NEXT STORY