ਮੇਰੇ ਤੋਂ ਅਸਤੀਫਾ ਮੰਗਣ ਦਾ ਕਿਸੇ ਨੂੰ ਹੱਕ ਨਹੀਂ
ਪਟਿਆਲਾ(ਰਾਜੇਸ਼, ਪਰਮੀਤ)-ਆਮ ਆਦਮੀ ਪਾਰਟੀ ਵਿਚ ਅੰਦਰੂਨੀ ਕਲੇਸ਼ ਹੋਰ ਵਧਦਾ ਜਾ ਰਿਹਾ ਹੈ। ਪਟਿਆਲਾ ਹਲਕੇ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਪਾਰਟੀ ਹਾਈਕਮਾਂਡ ਖਿਲਾਫ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਮੇਰੇ ਵਿਰੋਧ ਪਿੱਛੇ ਦਿੱਲੀ ਹਾਈਕਮਾਂਡ ਦੀ ਸਾਜ਼ਿਸ਼ ਹੈ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਮੈਂ ਪਾਰਟੀ ਅਤੇ ਸੰਘਰਸ਼ ਦੋਨੋਂ ਨਹੀਂ ਛੱਡਾਂਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਖਿਲਾਫ ਜੋ ਕੁਝ ਹੋ ਰਿਹਾ ਹੈ ਉਹ ਸਭ ਦਿੱਲੀ ਹਾਈਕਮਾਂਡ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਕੁਝ ਦਿਨ ਪਹਿਲਾਂ ਸ਼ੁਰੂ ਹੋਇਆ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਵਲੋਂ ਇਸ ਨੂੰ ਰੋਕਣ ਲਈ ਕੋਈ ਯਤਨ ਵੀ ਨਹੀਂ ਕੀਤਾ ਜਾ ਰਿਹਾ। ਡਾ. ਗਾਂਧੀ ਨੇ ਫਿਰ ਦੁਹਰਾਇਆ ਕਿ ਉਹ ਪਾਰਟੀ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਰਹਿਣਗੇ ਤੇ ਇਸ ਵਿਚ ਕੁਝ ਗਲਤ ਨਹੀਂ ਹੈ।
ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਵਲੋਂ ਨਵੀਂ ਪਾਰਟੀ ਬਣਾਏ ਜਾਣ 'ਤੇ ਉਸ ਵਿਚ ਸ਼ਾਮਲ ਹੋਣ ਦੇ ਸਵਾਲ 'ਤੇ ਡਾ. ਗਾਂਧੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ ਤੇ ਹਮੇਸ਼ਾ ਇਸੇ ਪਾਰਟੀ ਵਿਚ ਹੀ ਰਹਿਣਗੇ ਤੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਦਾ ਕੋਈ ਸਵਾਲ ਹੀ ਨਹੀਂ ਉਠਦਾ ਹੈ। ਡਾ. ਗਾਂਧੀ ਨੇ ਕਿਹਾ ਕਿ ਰਾਜਨੀਤੀ ਨੂੰ ਸਾਫ-ਸੁਥਰਾ ਕਰਨ ਲਈ 'ਆਪ' ਪਾਰਟੀ ਨੇ ਯਤਨ ਸ਼ੁਰੂ ਕੀਤੇ ਸਨ ਪਰ ਹੁਣ ਅਜਿਹਾ ਨਹੀਂ ਹੋ ਰਿਹਾ ਹੈ। ਜ਼ਿਲਾ ਕਨਵੀਨਰ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਵਲੋਂ ਬਗਾਵਤ ਕਰਨ ਦੇ ਸੰਦਰਭ ਵਿਚ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਹਾਈਕਮਾਂਡ ਨਾਲ ਇਸ ਸੰਬੰਧੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜਨਤਾ ਕੇਜਰੀਵਾਲ ਵਿਚ ਆਪਣਾ ਭਵਿੱਖ ਦੇਖ ਰਹੀ ਹੈ। ਇਸ ਲਈ ਰਾਜਨੀਤੀ ਨੂੰ ਸਾਫ-ਸੁਥਰਾ ਰੱਖਣ ਲਈ ਰਾਜਨੀਤਿਕਾਂ ਦੀ ਸੇਵਾ ਮੁਕਤੀ ਹੋਣ ਦੀ ਸਮਾਂ ਸੀਮਾ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਵਰਗ ਆਪਣੀ ਸਹੀ ਸੋਚ ਨਾਲ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ।
ਪਾਰਟੀ ਦੇ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਅਸਤੀਫਾ ਮੰਗਣ ਦੀ ਮੰਗ ਦੇ ਮਾਮਲੇ 'ਚ ਡਾ. ਗਾਂਧੀ ਨੇ ਕਿਹਾ ਕਿ ਪਾਰਟੀ ਅੰਦਰ ਚੱਲ ਰਹੀ ਅਸੂਲਾਂ ਦੀ ਲੜਾਈ 'ਤੇ ਸਹੀ ਗੱਲ ਦੀ ਵਕਾਲਤ ਕਰਨ ਦੇ ਆਧਾਰ ਉੱਤੇ ਉਨ੍ਹਾਂ ਤੋਂ ਅਸਤੀਫਾ ਮੰਗਣ ਦਾ ਕੋਈ ਹੱਕ ਨਹੀਂ ਹੈ। ਇਸ ਸੱਚਾਈ 'ਤੇ ਉਨ੍ਹਾਂ ਨੇ ਜੋ ਵੀ ਫੈਸਲਾ ਲਿਆ ਹੈ ਉਹ ਪਾਰਟੀ ਦੇ ਫੌਰੀ ਤੇ ਲੰਮੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹੀ ਲਿਆ ਹੈ, ਇਹ ਉਨ੍ਹਾਂ ਦਾ ਹੱਕ ਵੀ ਹੈ ਤੇ ਫਰਜ਼ ਵੀ ਹੈ। ਇਸ ਮੌਕੇ ਅਨਿਲ ਗੋਇਲ ਬਿੱਟੂ, ਨੀਟੂ ਗੋਇਲ ਵੀ ਹਾਜ਼ਰ ਸਨ।
ਸਾਲ ਦੇ ਅਖੀਰ ਤਕ ਸਮੁੱਚੀ ਸਰਕਾਰ ਹੋਵੇਗੀ ਆਨਲਾਈਨ : ਸੁਖਬੀਰ
NEXT STORY