ਮਾਮਲਾ 'ਨਾਨਕ ਸ਼ਾਹ ਫਕੀਰ' ਫਿਲਮ ਦਾ
ਜਲੰਧਰ(ਚਾਵਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ 'ਨਾਨਕ ਸ਼ਾਹ ਫਕੀਰ' ਫਿਲਮ ਦੇ ਨਿਰਮਾਤਾ ਨੂੰ ਆਦੇਸ਼ ਦੇਣ ਕਿ ਉਹ ਬਿਨਾਂ ਦੇਰੀ ਕਿਸੇ ਆਦਮੀ ਅਤੇ ਔਰਤ ਵਲੋਂ ਗੁਰੂ ਨਾਨਕ ਸਾਹਿਬ ਜੀ ਅਤੇ ਬੇਬੇ ਨਾਨਕੀ ਜੀ ਦਾ ਕੀਤਾ ਗਿਆ ਰੋਲ ਤੁਰੰਤ ਵਾਪਿਸ ਲਵੇ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸਿੱਖ ਪੰਥ ਕਿਸੇ ਵੀ ਕੀਮਤ ਉਤੇ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਸਾਧਾਰਨ ਵਿਅਕਤੀ ਜਾਂ ਸਾਧਾਰਣ ਔਰਤ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਦਾ ਰੋਲ ਅਦਾ ਕਰੇ। ਜੇਕਰ ਅੱਜ ਇਸ ਫਿਲਮ ਵਿਚ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਜੀ ਦਾ ਕਿਸੇ ਸਾਧਾਰਨ ਮਨੁੱਖ ਵਲੋਂ ਕੀਤੇ ਗਏ ਰੋਲ ਦਾ ਨੋਟਿਸ ਨਾ ਲਿਆ ਗਿਆ ਤਾਂ ਭਵਿੱਖ ਵਿਚ ਬਹੁਤ ਵੱਡੀਆਂ ਅਤੇ ਮਾੜੀਆਂ ਪਿਰਤਾਂ ਪੈ ਜਾਣਗੀਆਂ ਜਿਸ ਕਾਰਨ ਬਹੁਤ ਗੰਭੀਰ ਅਤੇ ਮਾੜੇ ਹਾਲਾਤ ਵੀ ਪੈਦਾ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਨਾਨਕ ਸ਼ਾਹ ਫਕੀਰ ਨਾਮੀ ਫਿਲਮ ਵਿਚ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਨੂੰ ਮਨੁੱਖੀ ਜਾਮੇ ਵਿਚ ਦਿਖਾ ਕੇ ਸਿੱਖ ਪੰਥ ਦੇ ਮੂਲ ਸਿਧਾਂਤਾਂ ਉਤੇ ਡਾਢੀ ਸੱਟ ਮਾਰੀ ਹੈ। ਇਹ ਫਿਲਮ ਸਿੱਧੇ ਰੂਪ ਵਿਚ ਸਿੱਖ ਦੀ ਆਸਥਾ ਨਾਲ ਖਿਲਵਾੜ ਹੈ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਲੋੜ ਤਾਂ ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਨ ਦੀ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਇਸ ਸਬੰਧੀ ਇਸ ਡਾਇਰੈਕਟਰ ਨੂੰ ਆਦੇਸ਼ ਜਾਰੀ ਕਰਨ ਕਿ ਉਹ ਇਸ ਫਿਲਮ ਵਿਚ ਗੁਰੂ ਨਾਨਕ ਸਾਹਿਬ ਜੀ ਅਤੇ ਬੇਬੇ ਨਾਨਕੀ ਜੀ ਦਾ ਕਿਸੇ ਵਿਅਕਤੀ ਜਾਂ ਔਰਤ ਵਲੋਂ ਕੀਤਾ ਗਿਆ ਰੋਲ ਫਿਲਮ ਵਿਚੋਂ ਖਤਮ ਕਰਨ ਦੇ ਆਦੇਸ਼ ਜਾਰੀ ਕਰਨ। ਜਥੇਦਾਰ ਪੰਜੋਲੀ ਨੇ ਸ਼੍ਰੋ: ਗੁ: ਪ੍ਰ: ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਨਾਲ ਰਾਬਤਾ ਕਰਕੇ ਇਹ ਯਕੀਨੀ ਬਣਾਉਣ ਦਾ ਯਤਨ ਕਰਨ ਕਿ ਭਵਿੱਖ ਵਿਚ ਸਿੱਖ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਿਵਾਰ ਜਾਂ ਹੋਰ ਸਿੱਖ ਮਸਲਿਆਂ ਉਤੇ ਬਣਨ ਵਾਲੀਆਂ ਫਿਲਮਾਂ ਦੀ ਪ੍ਰਵਾਨਗੀ ਸ਼੍ਰੋ: ਗੁ: ਪ੍ਰ: ਕਮੇਟੀ ਤੋਂ ਲਈ ਜਾਵੇ।
ਕਾਂਗਰਸ ਦੀ ਦੇਣ ਹੈ ਪਾਣੀ ਵਿਵਾਦ : ਮਜੀਠੀਆ (ਵੀਡੀਓ)
NEXT STORY