ਜਲੰਧਰ(ਧਵਨ)—ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਅੱਜ ਧੂਰੀ ਵਿਚ ਚੋਣ ਅਖਾੜੇ ਵਿਚ ਕੁਦਦੇ ਹੋਏ 30 ਵਿਧਾਇਕਾਂ ਅਤੇ 50 ਸਾਬਕਾ ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਨੂੰ ਨਾਲ ਲੈ ਕੇ ਇਕ ਵਾਰ ਫਿਰ ਤੋਂ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ। ਹੁਣ ਤੱਕ ਇਹ ਸਾਰੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਵਿਧਾਇਕ ਧੂਰੀ ਵਿਚ ਚੋਣ ਜੰਗ ਤੋਂ ਦੂਰ ਸਨ। ਉਹ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਵੱਖਰੇ ਹੋ ਕੇ ਚਲ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਉਪ ਚੋਣਾਂ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਆਖਣ ਅਤੇ ਬਰਨਾਲਾ ਪਰਿਵਾਰ ਨਾਲ ਨੇੜਤਾ ਨੂੰ ਦੇਖਦੇ ਹੋਏ ਉਹ ਚੋਣ ਜੰਗ ਵਿਚ ਕੁਦ ਪਏ ਹਨ।
ਕੈਪਟਨ ਅਮਰਿੰਦਰ ਸਿੰਘ ਨਾਲ ਆਏ ਕਾਂਗਰਸੀ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਵਿਚ ਰਾਣਾ ਗੁਰਜੀਤ ਸਿੰਘ, ਕੇਵਲ ਸਿੰਘ ਢਿੱਲੋਂ, ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਸੁਖਜਿੰਦਰ ਸਿੰਘ ਰੰਧਾਵਾ, ਰਮਨਜੀਤ ਸਿੰਘ ਸਿੱਕੀ, ਬਲਬੀਰ ਸਿੱਧੂ, ਕਰਨ ਕੌਰ ਬਰਾੜ, ਸਾਧੂ ਸਿੰਘ ਧਰਮਸੌਤ, ਹਰਦਿਆਲ ਕੰਬੋਜ, ਰਾਜੇਸ਼ ਬੱਬੀ, ਸੰਗਤ ਸਿੰਘ ਗਿਲਜੀਆ, ਗੁਰਇਕਬਾਲ ਕੌਰ, ਮੁਹੰਮਦ ਸਦੀਕ, ਨਵਤੇਜ ਚੀਮਾ, ਗੁਰਕੀਰਤ ਸਿੰਘ ਕੋਟਲੀ, ਅਜਾਇਬ ਸਿੰਘ ਭੱਟੀ, ਜੁਗਿੰਦਰ ਸਿੰਘ ਪੰਜਗਰਾਈ, ਓ. ਪੀ. ਸੋਨੀ, ਡਾ. ਰਾਜ ਕੁਮਾਰ ਵੇਰਕਾ, ਸੁਖਜਿੰਦਰ ਸਿੰਘ ਸੁੱਖ ਸਰਕਾਰੀਆ, ਅਮਰੀਕ ਸਿੰਘ ਢਿੱਲੋਂ, ਸ਼ਾਮ ਸੁੰਦਰ ਅਰੋੜਾ, ਰਾਣਾ ਕੇ. ਪੀ. ਸਿੰਘ, ਚੌਧਰੀ ਜਗਜੀਤ ਸਿੰਘ, ਅਰੁਣਾ ਚੌਧਰੀ, ਲਾਲੀ ਜਾਵੰਦਾ, ਜਸਵੀਰ ਸਿੰਘ ਡਿੰਪਾ, ਰਮਨ ਬਹਿਲ, ਪਵਨ ਦੀਵਾਨ ਅਤੇ ਸਾਂਝਾ ਮੋਰਚਾ ਤੋਂ ਸੁਰਜੀਤ ਕੌਰ ਬਰਨਾਲਾ, ਗਗਨਅਜੀਤ ਸਿੰਘ ਬਰਨਾਲਾ ਅਤੇ ਗੁਰਪ੍ਰੀਤ ਭੱਟੀ ਆਦਿ ਸ਼ਾਮਲ ਸਨ।
ਪੰਜਾਬ ਪ੍ਰਦੇਸ਼ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਅੱਜ ਦੀਆਂ ਮੀਟਿੰਗਾਂ ਵਿਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਇਹ ਦਿੱਲੀ ਵਿਚ ਕਾਂਗਰਸ ਲੀਡਰਸ਼ਿਪ ਦੇ ਨਾਲ 19 ਅਪ੍ਰੈਲ ਨੂੰ ਦਿੱਲੀ ਕਿਸਾਨ ਰੈਲੀ ਸੰਬੰਧੀ ਚਰਚਾ ਕਰਨ ਲਈ ਗਏ ਹੋਏ ਹਨ। ਜਾਖੜ ਆਉਣ ਵਾਲੀਆਂ ਚੋਣ ਮੀਟਿੰਗਾਂ 'ਚ ਸ਼ਾਮਲ ਹੋਣਗੇ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਦੇ ਦਬਾਅ ਅੱਗੇ ਗੋਡੇ ਟੇਕਦਿਆਂ ਭੋਂ ਪ੍ਰਾਪਤੀ ਬਿੱਲ ਵਿਚ ਮੋਦੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਸੋਧਾਂ ਦੀ ਹਮਾਇਤ ਕੀਤੀ। ਅਜਿਹਾ ਕਰਦੇ ੇਸਮੇਂ ਬਾਦਲ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਗਏ। ਸਾਬਕਾ ਮੁੱਖ ਮੰਤਰੀ ਅੱਜ ਧੂਰੀ ਵਿਧਾਨ ਸਭਾ ਖੇਤਰ ਵਿਚ ਪੈਂਦੇ ਪਿੰਡਾਂ ਮੀਮਸਾ, ਘਨੌਰੀ, ਕਾਂਜਲੀ ਆਦਿ 'ਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਧੂਰੀ 'ਚ ਕਾਂਗਰਸ ਨੇ ਸਾਂਝੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਦੀ ਹਮਾਇਤ ਕੀਤੀ ਹੋਈ ਹੈ।
ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਬਾਦਲ ਨੇ ਨਿੱਜੀ ਹਿੱਤਾਂ ਲਈ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਹਨ। ਉਹ ਕਿਸਾਨਾਂ ਦੇ ਕਿਸੇ ਵੀ ਮਸਲੇ 'ਤੇ ਕੇਂਦਰ ਸਰਕਾਰ ਸਾਹਮਣੇ ਵਿਰੋਧ ਪ੍ਰਗਟ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਐੱਫ. ਸੀ. ਆਈ. ਵਲੋਂ ਕਣਕ ਦੀ ਖਰੀਦ ਵਿਚ 50 ਫੀਸਦੀ ਕਟੌਤੀ ਕਰਨ ਦੇ ਫੈਸਲੇ 'ਤੇ ਬਾਦਲ ਨੇ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਕਿਸਾਨਾਂ ਨੂੰ ਪ੍ਰਾਈਵੇਟ ਪਾਰਟੀਆਂ ਦੇ ਭਰੋਸੇ ਛੱਡ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਧੂਰੀ ਉਪ ਚੋਣ ਅਕਾਲੀ-ਭਾਜਪਾ ਸਰਕਾਰ ਲਈ ਵਾਟਰਲੁ ਸਿੱਧ ਹੋਵੇਗੀ ਅਤੇ ਇਸ ਚੋਣ ਦਾ ਨਤੀਜਾ 2017 ਵਿਚ ਹੋਣ ਵਾਲੀਆਂ ਚੋਣਾਂ ਲਈ ਏਜੰਡਾ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਯਾਦ ਹੈ ਕਿ ਅਕਾਲੀਆਂ ਨੇ ਕਿਸ ਤਰ੍ਹਾਂ ਪਿਛਲੇ 8 ਸਾਲਾਂ ਵਿਚ ਧੂਰੀ ਨੂੰ ਅਣਗੌਲਿਆ ਕੀਤਾ।
ਸਿੱਖ ਪੰਥ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਸਾਧਾਰਨ ਵਿਅਕਤੀ ਗੁਰੂ ਨਾਨਕ ਸਾਹਿਬ ਦਾ ਰੋਲ ਕਰੇ
NEXT STORY