ਆਕਲੈਂਡ— ਨਿਊਜ਼ੀਲੈਂਡ ਦੇ ਸ਼ਹਿਰ ਕੈਂਟਰਬਰੀ ਵਿਚ ਇਕ 23 ਸਾਲਾ ਸਿੱਖ ਗੱਭਰੂ ਨੂੰ ਰਾਜਵਿੰਦਰ ਸਿੰਘ ਨੂੰ ਅੱਤਵਾਦੀ ਦੱਸ ਕੇ ਬਦਨਾਮ ਕੀਤਾ ਗਿਆ। ਨਸਲਪ੍ਰਸਤ ਕਿਸੇ ਵਿਅਕਤੀ ਨੇ ਬੱਸ ਵਿਚ ਬੈਠੇ ਰਾਜਿੰਦਰ ਸਿੰਘ ਦੀਆਂ ਤਸਵੀਰਾਂ ਖਿੱਚ ਕੇ ਆਨਲਾਈਨ ਪਾ ਦਿੱਤੀਆਂ ਅਤੇ ਕਿਹਾ ਕਿ ਇਹ ਨੌਜਵਾਨ ਅੱਤਵਾਦੀ ਹੈ। ਫਿਰ ਕੀ ਸੀ, ਲੋਕਾਂ ਨੇ ਫੇਸਬੁੱਕ ਪੇਜ 'ਤੇ ਰਾਜਵਿੰਦਰ ਸਿੰਘ ਦੀਆਂ ਤਸਵੀਰਾਂ 'ਤੇ ਨਫਰਤ ਭਰੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ। ਕਿਸੇ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਕਿਸੇ ਨੇ ਕਿਹਾ ਕਿ ਇਸ ਦੀ ਪੱਗ ਲਾਹ ਕੇ ਮਾਰੋ ਤੇ ਲੱਤਾਂ ਤੋੜ ਦਿਓ।
ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਬਾਅਦ ਨੌਜਵਾਨ ਪੁਲਸ ਕੋਲ ਸੁਰੱਖਿਆ ਲਈ ਗਿਆ ਪਰ ਪੁਲਸ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਹ ਇਕ ਆਨਲਾਈਨ ਮਾਮਲਾ ਹੈ ਤੇ ਇਸ ਵਿਚ ਉਹ ਉਸ ਨੂੰ ਸੁਰੱਖਿਆ ਨਹੀਂ ਦੇ ਸਕਦੇ। ਇਸ 'ਤੇ ਨੌਜਵਾਨ ਨੇ ਨਿਧੜਕ ਹੋ ਕੇ ਤਸਵੀਰ ਪੋਸਟ ਕਰਨ ਵਾਲੇ ਨੂੰ ਇਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਹ ਨਿਊਜ਼ੀਲੈਂਡ ਵਿਚ ਪੜ੍ਹਾਈ ਕਰਨ ਲਈ ਆਇਆ ਹੈ। ਉਹ ਅੱਤਵਾਦੀ ਨਹੀਂ ਹੈ ਤੇ ਉਸ ਦੀ ਪਹਿਲ ਪੜ੍ਹਾਈ ਹੀ ਹੈ। ਨਿਊਜ਼ੀਲੈਂਡ ਵਿਚ ਉਹ ਪਾਰਟ ਟਾਈਮ ਕੰਮ ਕਰਕੇ ਆਪਣਾ ਖਰਚਾ ਚੁੱਕ ਰਿਹਾ ਹੈ ਅਤੇ ਜੇਕਰ ਉਸ ਦੀ ਕੋਈ ਗਲਤੀ ਹੈ ਤਾਂ ਉਹ ਕਿਸੇ ਤਰ੍ਹਾਂ ਦੀ ਸਜ਼ਾ ਲਈ ਵੀ ਤਿਆਰ ਹੈ ਪਰ ਉਹ ਅੱਤਵਾਦੀ ਨਹੀਂ ਹੈ।
ਇਸ ਵੀਡੀਓ ਤੋਂ ਬਾਅਦ ਪੋਸਟ ਕਰਨ ਵਾਲੇ ਨੇ ਆਪਣੀ ਗਲਤੀ ਮੰਨ ਕੇ ਪੋਸਟ ਹਟਾ ਲਈ। ਇਹ ਘਟਨਾ ਜਨਵਰੀ ਦੀ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ ਆਨਲਾਈਨ ਧਮਕੀ ਦੇਣਾ ਕੋਈ ਅਪਰਾਧ ਨਹੀਂ ਹੈ ਪਰ ਹੁਣ 'ਹਾਰਮਫੁਲ ਡਿਜੀਟਲ ਕਮਿਊਨੀਕੇਸ਼ਨਜ਼ ਬਿੱਲ' ਦੇ ਰਾਹੀਂ ਅਜਿਹਾ ਕਰਨ ਵਾਲੇ ਨੂੰ 2000 ਡਾਲਰ ਦਾ ਜ਼ੁਰਮਾਨਾ ਤੇ ਤਿੰਨ ਮਹੀਨਿਆਂ ਦੀ ਸਜ਼ਾ ਹੋ ਸਕਦੀ ਹੈ। ਇਹ ਬਿੱਲ ਅਗਲੇ ਮਹੀਨੇ ਲਾਗੂ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਨੂੰਨ ਨਾਲ ਨਿਊਜ਼ੀਲੈਂਡ ਵਿਚ ਸਿੱਖਾਂ ਪ੍ਰਤੀ ਨਫਰਤ ਫੈਲਾਉਣ ਵਾਲਿਆਂ 'ਤੇ ਠੱਲ੍ਹ ਪਵੇਗੀ।
ਐਕਸਪਰਟ ਦੀ ਸਲਾਹ, ਬੱਚਿਆਂ ਨੂੰ ਸਕੂਲ 'ਚ ਦਿਖਾਈਆਂ ਜਾਣ 'ਪੋਰਨ ਫਿਲਮਾਂ'
NEXT STORY