ਹੁਸ਼ਿਆਰਪੁਰ-ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਘਰ ਨੂੰ ਬਿਨਾਂ ਸੂਚਨਾ ਦਿੱਤੇ ਤਾਲਾ ਲਾਉਣਾ ਗਾਰਡਾਂ ਨੂੰ ਮਹਿੰਗਾ ਪੈ ਗਿਆ ਹੈ ਕਿਉਂਕਿ ਵਿਜੇ ਸਾਂਪਲਾ ਦੇ ਘਰ 'ਚ ਤਾਇਨਾਤ ਦੋ ਹੈੱਡ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਚਾਰ ਹੋਮ ਗਾਰਡਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਨਲੋਈਆ ਚੌਂਕ 'ਚ ਸਾਂਪਲਾ ਦੀ ਰਿਹਾਇਸ਼ 'ਤੇ ਹੈੱਡ ਕਾਂਸਟੇਬਲ ਨਰੇਸ਼ ਕੁਮਾਰ, ਪ੍ਰੇਮ ਕੁਮਾਰ ਅਤੇ ਚਾਰ ਹੋਮ ਗਾਰਡ ਤਾਇਨਾਤ ਸਨ। ਇਕ ਅਪ੍ਰੈਲ ਨੂੰ ਸਾਂਪਲਾ ਦਿੱਲੀ ਜਾਣ ਲਈ ਘਰੋਂ ਰਵਾਨਾ ਹੋਏ ਤਾਂ ਕੁਝ ਦੇਰ ਬਾਅਦ ਹੀ ਉਨ੍ਹਾਂ ਦਾ ਬੇਟਾ ਸਾਹਿਲ ਸ਼ਹਿਰ ਪਹੁੰਚ ਗਿਆ, ਜਿਸ ਦੀ ਸੂਚਨਾ ਗਾਰਡਾਂ ਕੋਲ ਨਹੀਂ ਸੀ।
ਉਨ੍ਹਾਂ ਨੇ ਸਮਝਿਆ ਕਿ ਵਿਜੇ ਸਾਂਪਲਾ ਆਪਣੇ ਪੂਰੇ ਪਰਿਵਾਰ ਸਮੇਤ ਦਿੱਲੀ ਗਏ ਹਨ, ਇਸ ਲਈ ਉਨ੍ਹਾਂ ਨੇ ਮੰਤਰੀ ਦੇ ਨਿਕਲਦੇ ਹੀ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਚਲੇ ਗਏ। ਬਾਅਦ ਦੁਪਹਿਰ ਜਦੋਂ ਸਾਂਪਲਾ ਦਾ ਬੇਟਾ ਘਰ ਆਇਆ ਤਾਂ ਘਰ ਤਾਲਾ ਲੱਗਿਆ ਹੋਇਆ ਸੀ ਅਤੇ ਉਸ ਕੋਲ ਗਾਰਡਾਂ ਦਾ ਨੰਬਰ ਵੀ ਨਹੀਂ ਸੀ।
ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਥਾਣਾ ਸਦਰ ਦੇ ਐੱਸ. ਐੱਚ. ਓ. ਮੌਕੇ 'ਤੇ ਪਹੁੰਚੇ ਅਤੇ ਗਾਰਡਾਂ ਨੂੰ ਲੱਭ ਕੇ ਤਾਲਾ ਖੁੱਲ੍ਹਵਾਇਆ ਗਿਆ। ਇਸ ਲਾਪਰਵਾਹੀ ਕਾਰਨ ਪ੍ਰੇਮ ਕੁਮਾਰ ਅਤੇ ਨਰੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ, ਜਦੋਂ ਕਿ ਹੋਮ ਗਾਰਡਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੁਣੋ ਬੱਬੂ ਮਾਨ ਦਾ ਲਾਈਵ Mashup (ਵੀਡੀਓ)
NEXT STORY