ਫਿਰੋਜ਼ਪੁਰ (ਕੁਮਾਰ)-ਜ਼ਿਲਾ ਫਿਰੋਜ਼ਪੁਰ ਵਿਚ ਪੁਲਸ ਨੇ ਨਸ਼ਿਆਂ ਖਿਲਾਫ਼ ਅਭਿਆਨ ਚਲਾਉਂਦਿਆਂ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਅਤੇ ਏ. ਐੱਸ. ਆਈ. ਕਮਲਜੀਤ ਸਿੰਘ ਦੀ ਅਗਵਾਈ ਹੇਠ ਬਸਤੀ ਭਾਗ ਸਿੰਘ ਵਾਲੀ ਦੇ ਖੇਤਾਂ ਵਿਚ ਬੀਜੀ ਗਈ ਚੂਰਾ-ਪੋਸਤ ਦੀ ਫਸਲ ਬਰਮਾਦ ਕੀਤੀ ਹੈ। ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ 'ਤੇ ਮੇਹਰ ਸਿੰਘ ਸੰਧੂ ਦਾ ਕਬਜ਼ਾ ਹੈ ਜਿਸ ਦੇ ਖਿਲਾਫ਼ ਪੁਲਸ ਨੇ ਥਾਣਾ ਕੁੱਲਗੜ੍ਹੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੇਹਰ ਸਿੰਘ ਸੰਧੂ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਿਹਾ ਹੈ। ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਭਾਗ ਸਿੰਘ ਵਾਲੀ ਵਿਚ ਕਰੀਬ 2 ਕਨਾਲਾਂ ਜ਼ਮੀਨ ਜੋ ਮੇਹਰ ਸਿੰਘ ਸੰਧੂ ਦੇ ਕਬਜ਼ੇ ਵਿਚ ਹੈ, ਵਿਚ ਚੂਰਾ-ਪੋਸਤ ਦੀ ਬਿਜਾਈ ਕੀਤੀ ਹੋਈ ਹੈ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੇਡ ਕੀਤਾ ਤਾਂ ਉਥੋਂ ਪੁਲਸ ਨੂੰ ਚੂਰਾ-ਪੋਸਤ ਦੀ ਬੀਜੀ ਹੋਈ ਫਸਲ ਮਿਲੀ। ਪੁਲਸ ਨੇ ਚੂਰਾ-ਪੋਸਤ ਦੀ ਫਸਲ ਕੱਟ ਕੇ ਆਪਣੇ ਕਬਜ਼ੇ ਵਿਚ ਲੈ ਲਈ ਹੈ ਜੋ ਕਰੀਬ 6 ਕੁਇੰਟਲ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੇਹਰ ਸਿੰਘ ਭੱਜਣ ਵਿਚ ਕਾਮਯਾਬ ਹੋ ਗਿਆ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਸੰਪਰਕ ਕਰਨ 'ਤੇ ਮੇਹਰ ਸਿੰਘ ਸੰਧੂ ਦੇ ਪਰਿਵਾਰਿਕ ਮੈਂਬਰਾਂ ਨੇ ਚੂਰਾ-ਪੋਸਤ ਦੀ ਬਿਜਾਈ ਅਤੇ ਬਰਾਮਦਗੀ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਜਾਂਚ ਅਤੇ ਅਦਾਲਤ ਦੀ ਕਾਰਵਾਈ ਦੇ ਦੌਰਾਨ ਅਸੀਂ ਸਾਬਤ ਕਰ ਦਿਆਂਗੇ ਕਿ ਅਸੀਂ ਕਦੇ ਵੀ ਆਪਣੀ ਜ਼ਮੀਨ ਵਿਚ ਚੂਰਾ-ਪੋਸਤ ਦੀ ਬਿਜਾਈ ਨਹੀਂ ਕੀਤੀ।
ਰਾਤ ਨੂੰ ਲੱਗਣ ਵਾਲੇ ਨਾਕੇ ਹੋਰ ਹੋਣਗੇ ਮਜ਼ਬੂਤ
NEXT STORY