ਜਲੰਧਰ,(ਚਾਵਲਾ)-ਦਲ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 'ਨਾਨਕ ਸ਼ਾਹ ਫਕੀਰ' ਫਿਲਮ ਦੇ ਮਾਮਲੇ 'ਚ ਆਪਣੀ ਚੁੱਪ ਤੋੜਨ ਲਈ ਆਖਿਆ ਹੈ । ਚੇਤੇ ਰਹੇ ਕਿ ਜਥੇਬੰਦੀ ਪਹਿਲਾਂ ਹੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਯਾਦ-ਪੱਤਰ ਸੌਂਪ ਕੇ ਇਹ ਮੰਗ ਕਰ ਚੁੱਕੀ ਹੈ ਕਿ ਫਿਲਮ ਦੇ ਨਿਰਮਾਤਾ ਵਿਰੁੱਧ ਹੁਕਮਨਾਮਾ ਜਾਰੀ ਕਰਕੇ ਉਸਨੂੰ ਆਪਣੀ ਫਿਲਮ ਵਾਪਿਸ ਲੈਣ ਦੇ ਆਦੇਸ਼ ਦਿੱਤੇ ਜਾਣ। ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸਿੱਖਾਂ ਦੀਆਂ ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਵਿਚ ਜੇਕਰ ਕਿਸੇ ਦਾ ਸਿੱਕਾ ਚਲਦਾ ਹੈ ਤਾਂ ਉਹ ਸੁਖਬੀਰ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਵਿਵਾਦਗ੍ਰਸਤ ਫਿਲ਼ਮ ਦੇ ਮਾਮਲੇ ਵਿਚ ਸਿੱਧਾ ਸੁਖਬੀਰ ਨਾਲ ਹੀ ਗੱਲਬਾਤ ਕਰਨਾ ਉਚਿੱਤ ਸਮਝਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਕ-ਦੂਜੇ ਦੇ ਪਾਲੇ ਵਿਚ ਜ਼ਿੰਮੇਵਾਰੀ ਦਾ ਸੁੱਟਣਾ ਮੰਦਭਾਗਾ ਹੈ ਅਤੇ ਨਾਲ ਇਹ ਵੀ ਸਿੱਧ ਕਰਦਾ ਹੈ ਕਿ ਦੋਵੇਂ ਅੰਤਿਮ ਅਤੇ ਠੋਸ ਫੈਸਲਾ ਕਰਨ ਦੀ ਸਥਿਤੀ ਵਿਚ ਨਹੀਂ ਹਨ । ਸੁਖਬੀਰ ਨੂੰ ਭੇਜੇ ਖਤ ਵਿਚ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ। ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਤੇ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਸੁਖਬੀਰ ਨੇ ਆਪਣੀ ਧਰਮ ਪਤਨੀ ਐੱਮ. ਪੀ. ਬੀਬੀ ਹਰਸਿਮਰਤ ਕੌਰ ਬਾਦਲ ਨਾਲ ਇਹ ਫਿਲ਼ਮ ਦੇਖੀ ਅਤੇ ਉਸ ਨੂੰ ਸਮਰਥਨ ਵੀ ਦਿੱਤਾ ਹੈ। ਖਤ ਵਿਚ ਉਨ੍ਹਾਂ ਲਿਖਿਆ ਹੈ ਜੇਕਰ ਤੁਸੀਂ ਪਹਿਲਾਂ ਫਿਲਮ ਨੂੰ ਪ੍ਰਵਾਨਗੀ ਦਿੱਤੀ ਵੀ ਹੈ ਤਾਂ ਵੀ ਹੁਣ ਇਸ ਬਾਰੇ ਪੁਨਰ-ਵਿਚਾਰ ਕਰੋ ਅਤੇ ਇਸਨੂੰ ਰਿਲੀਜ਼ ਹੋਣ ਤੋਂ ਰੋਕੋ ਕਿਉਂਕਿ ਇਸ ਦੇ ਰਿਲੀਜ਼ ਹੋਣ ਨਾਲ ਲੱਖਾਂ ਸਿੱਖਾਂ ਦੀ ਆਸਥਾ 'ਤੇ ਡਾਢੀ ਸੱਟ ਵੱਜੇਗੀ।
ਦਲ ਖਾਲਸਾ ਨੇ ਭੇਜੇ ਪੱਤਰ ਵਿਚ ਲਿਖਿਆ ਹੈ ਕਿ 'ਨਾਨਕ ਸ਼ਾਹ ਫਕੀਰ' ਨਾਮੀ ਫਿਲਮ ਵਿਚ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਜਾਮੇ ਵਿਚ ਦਿਖਾ ਕੇ ਸਿੱਖ ਪੰਥ ਦੇ ਮੂਲ ਸਿਧਾਂਤਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੂੰ ਐਨੀਮੇਸ਼ਨ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਸਰੀਰਕ ਰੂਪ ਵਿਚ ਫਿਲਮਾਉਣਾ ਸਿੱਖ ਧਰਮ ਦੇ ਅਸੂਲਾਂ ਅਨੁਸਾਰ ਗੁਨਾਹ ਹੈ। ਉਨ੍ਹਾਂ ਕਿਹਾ ਫਿਲਮ ਵਿਚ ਬੇਬੇ ਨਾਨਕੀ ਜੀ ਦਾ ਰੋਲ ਇਕ ਮਹਿਲਾ ਅਦਾਕਾਰ ਨੇ ਕੀਤਾ ਹੈ, ਜਿਸ ਦੀ ਸਿੱਖੀ ਸਿਧਾਂਤਾਂ ਅਨੁਸਾਰ ਮਨਾਹੀ ਹੈ ।
ਨਸ਼ੀਲੇ ਕੈਪਸੂਲ ਤੇ ਗੋਲੀਆਂ ਸਣੇ 1 ਕਾਬੂ
NEXT STORY