ਪਟਿਆਲਾ (ਜੋਸਨ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਥੇ ਆਖਿਆ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਬਣਾਇਆ ਗਿਆ ਗੈਰ ਸਿੱਖ ਪ੍ਰਧਾਨ ਸਿੱਖ ਕੌਮ ਨੂੰ ਬਿਲਕੁੱਲ ਪ੍ਰਵਾਨ ਨਹੀਂ ਹੈ। ਇਸ ਲਈ ਤੁਰੰਤ ਇਹ ਫੈਸਲਾ ਵਾਪਸ ਹੋਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਅੱਜ ਇਥੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਵਲੋਂ ਰਖਵਾਏ ਗਏ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਥੇਦਾਰ ਪਵਿੱਤਰ ਸਿੰਘ ਡਕਾਲਾ, ਕਰਮ ਸਿੰਘ ਬਠੋਈ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਹਰਵਿੰਦਰ ਸਿੰਘ ਬੱਬੂ ਕੌਂਸਲਰ, ਰਜਿੰਦਰ ਸਿੰਘ ਵਿਰਕ ਕੌਂਸਲਰ ਤੇ ਹੋਰ ਵੀ ਨੇਤਾ ਹਾਜ਼ਰ ਸਨ। ਬੀਬੀ ਜਗੀਰ ਕੌਰ ਨੇ ਆਖਿਆ ਕਿ ਇਕ ਸਾਜ਼ਿਸ਼ ਤਹਿਤ ਹੀ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਧਾਨ ਗੈਰ ਸਿੱਖ ਨੂੰ ਬਣਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਰਹਿਤ ਮਰਿਯਾਦਾ ਮੁਤਾਬਕ ਇਹ ਅਸੂਲਾਂ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣਾ ਰੋਸ ਜ਼ਾਹਿਰ ਕਰ ਚੁੱਕੇ ਹਨ।
ਇਸ ਲਈ ਮਹਾਰਾਸ਼ਟਰ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸਤਰੀ ਅਕਾਲੀ ਦਲ ਨੂੰ ਸੂਬੇ ਵਿਚ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇਗਾ ਅਤੇ ਧੂਰੀ ਚੋਣ ਵਿਚ ਇਸਤਰੀ ਅਕਾਲੀ ਦਲ ਪੂਰੀ ਸਰਗਰਮੀ ਨਾਲ ਭਾਗ ਲੈ ਰਿਹਾ ਹੈ। ਉਨ੍ਹਾਂ ਆਖਿਆ ਕਿ ਬਹੁਤ ਜਲਦ ਸਮੁੱਚੇ ਪੰਜਾਬ ਦੇ ਜ਼ਿਲਿਆਂ ਵਿਚ ਇਸਤਰੀ ਅਕਾਲੀ ਦਲ ਦੀ ਜਥੇਬੰਦੀ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਕੋਲ ਇਕ ਬੂੰਦ ਵੀ ਪਾਣੀ ਜ਼ਿਆਦਾ ਨਹੀਂ ਹੈ, ਇਸ ਲਈ ਪੰਜਾਬ ਦਾ ਪਾਣੀ ਹੋਰ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਦਰਿਆਵਾਂ ਨੂੰ ਜੋੜਨ ਦੇ ਮਾਮਲੇ ਵਿਚ ਪੰਜਾਬ ਬਿਲਕੁਲ ਵੀ ਸਹਿਮਤ ਨਹੀਂ ਹੈ।
'ਨਾਨਕ ਸ਼ਾਹ ਫਕੀਰ' ਦੇ ਮਾਮਲੇ 'ਚ ਚੁੱਪ ਤੋੜਨ ਸੁਖਬੀਰ ਬਾਦਲ
NEXT STORY