ਮੁੰਬਈ- ਲੱਗਦਾ ਹੈ ਕਿ ਸੰਨੀ ਦਿਓਲ ਦੇ ਦਿਨ ਹੁਣ ਵੀ ਠੀਕ ਨਹੀਂ ਚੱਲ ਰਹੇ ਹਨ। ਇਕ ਤਾਂ ਕਾਫੀ ਸਮੇਂ ਬਾਅਦ ਉਹ ਆਪਣੀ ਫਿਲਮ ਲੈ ਕੇ ਚਰਚਾ 'ਚ ਆਏ ਸਨ ਪਰ ਉਨ੍ਹਾਂ ਦੀ ਇਕ ਫਿਲਮ ਮੋਹੱਲਾ ਅੱਸੀ ਤਾਂ ਪਹਿਲਾਂ ਹੀ ਆਪਣੇ ਟਰੇਲਰ ਕਾਰਨ ਵਿਵਾਦਾਂ 'ਚ ਫੱਸ ਗਈ ਹੈ ਤੇ ਉਥੇ ਹੁਣ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਫਿਲਮ ਘਾਇਲ ਵਨਸ ਅਗੇਨ ਵੀ ਮੁਸ਼ਕਿਲਾਂ 'ਚ ਪੈ ਗਈ ਹੈ। ਇਹ ਉਨ੍ਹਾਂ ਦੀ ਸੁਪਰਹਿੱਟ ਫਿਲਮ ਘਾਇਲ ਦਾ ਸੀਕੁਅਲ ਹੈ। ਇਸ ਫਿਲਮ ਨੂੰ ਸੰਨੀ ਦਿਓਲ ਦੀ ਕਮਬੈਕ ਫਿਲਮ ਮੰਨਿਆ ਜਾ ਰਿਹਾ ਹੈ ਪਰ ਸੂਤਰਾਂ ਮੁਤਾਬਕ ਉਨ੍ਹਾਂ ਦੀ ਇਹ ਫਿਲਮ ਆਰਥਿਕ ਤੰਗੀ ਦੇ ਚਲਦਿਆਂ ਮੁਸ਼ਕਿਲਾਂ 'ਚ ਪੈ ਗਈ ਹੈ। ਇਸ ਦੇ ਚਲਦਿਆਂ ਇਸ ਦਾ ਆਖਰੀ ਸ਼ੈਡਿਊਲ ਟਾਲ ਦਿੱਤਾ ਗਿਆ ਹੈ।
ਸੰਨੀ ਦਿਓਲ ਇਸ ਫਿਲਮ ਦੇ ਐਕਟਰ ਹੋਣ ਦੇ ਨਾਲ-ਨਾਲ ਡਾਇਰੈਕਟਰ ਤੇ ਪ੍ਰੋਡਿਊਸਰ ਵੀ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦਾ ਇਹ ਪ੍ਰਾਜੈਕਟ ਪਹਿਲਾਂ ਤੋਂ ਹੀ ਕਈ ਮੁਸ਼ਕਿਲਾਂ ਨਾਲ ਘਿਰਿਆ ਹੋਇਆ ਸੀ ਤੇ ਹੁਣ ਨਵੀਂ ਮੁਸ਼ਕਿਲ ਸਾਹਮਣੇ ਆ ਗਈ ਹੈ। ਉਨ੍ਹਾਂ ਨੇ ਕੁਝ ਵੈਂਡਰਸ ਦੀ ਰਕਮ ਦਾ ਭੁਗਤਾਨ ਕੀਤਾ ਹੈ ਪਰ ਚੈੱਕ ਹੀ ਬਾਊਂਸ ਹੋ ਗਏ ਹਨ। ਜਦਕਿ ਇਸ ਫਿਲਮ ਦਾ ਇਕ ਵੱਡਾ ਹਿੱਸਾ ਅਜੇ ਵੀ ਸ਼ੂਟ ਕਰਨਾ ਬਾਕੀ ਹੈ। ਪੈਸਿਆਂ ਦੀ ਦਿੱਕਤ ਦੇ ਚਲਦਿਆਂ ਸ਼ੈਡਿਊਲ ਨੂੰ ਟਾਲ ਦਿੱਤਾ ਗਿਆ ਹੈ। ਇਕ ਵੈਂਡਰ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਕਈ ਵੈਂਡਰਾਂ ਨੂੰ ਆਪਣੇ ਪੈਸਿਆਂ ਦਾ ਇੰਤਜ਼ਾਰ ਹੈ। ਜਦੋਂ ਤਕ ਇਹ ਕਲੀਅਰ ਨਹੀਂ ਹੋ ਜਾਂਦਾ, ਇਹ ਫਿਲਮ ਅੱਗੇ ਨਹੀਂ ਵੱਧ ਸਕਦੀ। ਹਾਲਾਂਕਿ ਪੂਰੇ ਮਸਲੇ 'ਤੇ ਇਸ ਫਿਲਮ ਦੇ ਬੁਲਾਰੇ ਨਾਲ ਗੱਲਬਾਤ ਨਹੀਂ ਹੋ ਸਕੀ।
ਕਾਰ ਹਾਦਸਾ : ਹੇਮਾ ਮਾਲਿਨੀ ਦੇ ਕੋਲ ਪਹੁੰਚੇ ਧਰਮਿੰਦਰ (ਦੇਖੋ ਤਸਵੀਰਾਂ)
NEXT STORY