ਹਾਜੀਪੁਰ (ਜੋਸ਼ੀ) : ਦੇਸ਼ ਭਰ 'ਚ ਹਰ ਸਾਲ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ ਇਨ੍ਹਾਂ ਸਾਰੇ ਉਪਰਾਲਿਆਂ ਦੇ ਬਾਵਜੂਦ ਵੀ ਲੱਕੜ ਤਸਕਰ ਸਰਕਾਰੀ ਜੰਗਲਾਂ 'ਚੋਂ ਚੋਰੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਦੀ ਇੱਕ ਤਾਜ਼ਾ ਮਿਸਾਲ ਨੇੜਲੇ ਪਿੰਡ ਜੁਗਿਆਲ ਦੇ ਸਰਕਾਰੀ ਜੰਗਲ ਤੋਂ ਦੇਖਣ ਨੂੰ ਮਿਲੀ, ਜਿੱਥੋਂ ਅਣਪਛਾਤੇ ਲੱਕੜ ਚੋਰ ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਉਠਾਉਂਦੇ ਹੋਏ 'ਖ਼ੈਰ' ਦੇ 15 ਬੇਸ਼ਕੀਮਤੀ ਦਰਖ਼ਤ ਵੱਢ ਕੇ ਲੈ ਗਏ। ਇਸ ਘਟਨਾ ਨੇ ਜੰਗਲਾਤ ਵਿਭਾਗ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਜੁਗਿਆਲ ਦੇ ਲੰਬੜਦਾਰ ਹਰਮੀਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਖ਼ੈਰ ਦੇ ਦਰਖ਼ਤ ਕੱਟੇ ਜਾਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਪਿੰਡ ਜੁਗਿਆਲ ਤੋਂ ਸਾਹੋੜਾ ਕੰਡੀ ਵੱਲ ਜਾਂਦੀ ਸੜਕ 'ਤੇ ਜਾ ਕੇ ਮੌਕਾ ਦੇਖਿਆ। ਉੱਥੋਂ ਚੋਰ ਕਰੀਬ 15 ਖ਼ੈਰ ਦੇ ਦਰਖ਼ਤ ਚੋਰੀ ਕਰ ਕੇ ਲੈ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਲੰਬੜਦਾਰ ਹਰਮੀਨ ਸਿੰਘ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਨੂੰ ਤੁਰੰਤ ਹੁਕਮ ਜਾਰੀ ਕਰ ਕੇ ਖ਼ੈਰ ਚੋਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ
NEXT STORY