ਖੰਨਾ (ਜ.ਬ./ਸੁਖਵਿੰਦਰ ਕੌਰ): ਨਾਰਕੋਟਿਕ ਸੈੱਲ ਖੰਨਾ ਵਲੋਂ ਕਰੀਬ 2 ਮਹੀਨੇ ਪਹਿਲਾਂ ਨਾਕੇ ਦੌਰਾਨ ਫੜੇ ਕਰੀਬ ਸਾਢੇ 7 ਕਰੋਡ਼ ਕੀਮਤ ਦੇ ਸੋਨੇ ਬਰਾਮਦਗੀ ਮਾਮਲੇ ’ਚ ਵਾਇਰਲ ਹੋਈ ਆਡੀਓ ਸਬੰਧੀ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਐਕਸ਼ਨ ਲੈਂਦੇ ਹੋਏ 2 ਏ. ਐੱਸ. ਆਈਜ਼ ਲਖਵੀਰ ਸਿੰਘ ਅਤੇ ਜਗਜੀਵਨ ਰਾਮ ਨੂੰ ਸਸਪੈਂਡ ਕਰਦੇ ਹੋਏ ਨਾਲ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਵੀ ਐੱਸ. ਐੱਸ. ਪੀ. ਗਰੇਵਾਲ ਨੇ ਕੀਤੀ । ਇਹ ਆਡੀਓ ਸ਼ਨੀਵਾਰ ਦੀ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸਦੇ ਬਾਅਦ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਗਰੇਵਾਲ ਨੇ ਕਾਰਵਾਈ ਕੀਤੀ ।
ਕੀ ਹੈ ਆਡੀਓ ’ਚ
3 ਮਿੰਟ 12 ਸੈਕਿੰਡ ਦੀ ਵਾਇਰਲ ਆਡੀਓ ’ਚ ਹੋਈ ਗੱਲਬਾਤ 30 ਜੂਨ, 2019 ਦੀ ਹੈ। ਇਸ ਦਿਨ ਪੁਲਸ ਜ਼ਿਲਾ ਖੰਨਾ ਦੇ ਅਧੀਨ ਪੈਂਦੇ ਥਾਣਾ ਕੋਟ ਚੌਕੀ ਇੰਚਾਰਜ ਜਗਜੀਵਨ ਰਾਮ ਨੇ ਚੌਕੀ ਕੋਲ ਨਾਕਾ ਲਾਇਆ ਹੋਇਆ ਸੀ। ਨਾਕੇ ਦੌਰਾਨ ਨਾਰਕੋਟਿਕ ਸੈੱਲ ਦੇ ਏ. ਐੱਸ. ਆਈ. ਲਖਵੀਰ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਕਾਰ ’ਚ ਲੁਧਿਆਣਾ ਦੀ ਇਕ ਨਾਮਵਰ ਜਿਊਲਰੀ ਸ਼ਾਪ ਦੇ ਮਾਲਿਕ ਅਤੇ ਕਰਮਚਾਰੀ ਸਵਾਰ ਸਨ, ਜਿਨ੍ਹਾਂ ਤੋਂ ਕਰੀਬ 22 ਕਿਲੋ 300 ਗ੍ਰਾਮ ਸੋਨਾ (ਕੀਮਤ ਕਰੀਬ ਸਾਢੇ 7 ਕਰੋਡ਼) ਬਰਾਮਦ ਹੋਇਆ ਸੀ। ਇਸ ਦੌਰਾਨ ਨਾਕੇ ’ਤੇ ਮੌਜੂਦ ਏ. ਐੱਸ. ਆਈ. ਲਖਵੀਰ ਸਿੰਘ ਦੇ ਮੋਬਾਇਲ ’ਤੇ ਐੱਸ. ਪੀ. (ਆਈ.) ਜਸਵੀਰ ਸਿੰਘ ਦਾ ਫੋਨ ਆਇਆ, ਜਿਨ੍ਹਾਂ ਨੇ ਲਖਵੀਰ ਨੂੰ ਕਿਹਾ ਕਿ ਜੋ ਸੋਨੇ ਵਾਲੇ ਬੰਦੇ ਫੜ੍ਹੇ ਹਨ, ਉਹ ਉਨ੍ਹਾਂ ਦੇ ਦੋਸਤ ਦਾ ਜੀਜਾ ਹੈ। ਇਸ ਦੌਰਾਨ ਦੋਨਾਂ ਦੇ ’ਚ ਬਹਿਸ ਛਿੜ ਜਾਂਦੀ ਹੈ ਅਤੇ ਜਗਜੀਵਨ ਰਾਮ ਫਾਲਤੂ ਨਹੀਂ ਬੋਲਣ ਦੀ ਗੱਲ ਕਹਿੰਦੇ ਹੋਏ ਉਹ ਆਪਣੇ ਆਪ ਨੂੰ ਗੋਲੀ ਮਾਰ ਕੇ ਉਨ੍ਹਾਂ ਦੇ ਨਾਮ ਦਾ ਸੁਸਾਈਡ ਨੋਟ ਜੇਬ ’ਚ ਪਾਉਣ ਦੀ ਗੱਲ ਕਹਿੰਦਾ ਹੈ। ਇਸ ਦੇ ਬਾਅਦ ’ਚ ਕਾਲ ਬੰਦ ਕਰ ਦਿੱਤੀ ਜਾਂਦੀ ਹੈ।
ਮੈਂ ਕੋਈ ਗਲਤ ਗੱਲ ਨਹੀਂ ਕੀਤੀ : ਐੱਸ. ਪੀ.
ਐੱਸ. ਪੀ. ਜਸਵੀਰ ਸਿੰਘ ਨੇ ਕਿਹਾ ਕਿ ਬਤੌਰ ਐੱਸ. ਪੀ. (ਆਈ.) ਉਨ੍ਹਾਂ ਨੇ ਨਾਕੇ ’ਤੇ ਬਰਾਮਦਗੀ ਨੂੰ ਲੈ ਕੇ ਜਾਣਕਾਰੀ ਹਾਸਲ ਕਰਨ ਲਈ ਕਾਲ ਕੀਤੀ ਸੀ। ਇਸ ’ਚ ਕੋਈ ਗੈਰ ਕਾਨੂੰਨੀ ਜਾਂ ਗਲਤ ਗੱਲ ਨਹੀਂ ਕੀਤੀ ਗਈ। ਮੁਲਾਜ਼ਮਾਂ ਵਲੋਂ ਆਡੀਓ ਵਾਇਰਲ ਕਰਨਾ ਮਹਿਕਮੇ ਵਿਰੋਧੀ ਗਤੀਵਿਧੀ ਹੈ।
ਦੋਨਾਂ ਏ. ਐੱਸ. ਆਈਜ਼ ਖਿਲਾਫ ਕਾਰਵਾਈ ਸ਼ੁਰੂ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਮਾਮਲਾ 2 ਮਹੀਨੇ ਪੁਰਾਣਾ ਹੈ। ਉਦੋਂ ਦੀ ਆਡੀਓ ਹੈ, ਜੋ ਉਨ੍ਹਾਂ ਨੇ ਸੁਣ ਲਈ ਹੈ। ਉਸ ਸਮੇਂ ਕਾਰ ਸਵਾਰਾਂ ਦੇ ਕੋਲ ਸੋਨੇ ਦੇ ਬਿੱਲ ਸਨ, ਇਸ ਲਈ ਹੀ ਛੱਡਿਆ। ਇਸ ਸਬੰਧੀ ਦੋਨਾਂ ਏ. ਐੱਸ. ਆਈਜ਼ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਨਾਲ ਹੀ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ।
ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਮੁਲਤਵੀ, ਹੁਣ 4 ਸਤੰਬਰ ਨੂੰ ਹੋਵੇਗੀ
NEXT STORY