ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਡੋਂਬੀਵਲੀ ਪੱਛਮ ਦੇ ਮੋਠਾਗਾਓਂ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੇ ਹੀ ਦੋਸਤ ਦਾ ਕਤਲ ਕਰਨ ਦੇ 20 ਦਿਨਾਂ ਬਾਅਦ ਖੁਦ ਪੁਲਸ ਕੋਲ ਪਹੁੰਚ ਕੇ ਆਤਮਸਮਰਪਣ ਕਰ ਦਿੱਤਾ। ਮੁਲਜ਼ਮ ਦਾ ਦਾਅਵਾ ਹੈ ਕਿ ਕਤਲ ਤੋਂ ਬਾਅਦ ਉਸ ਨੂੰ ਲਗਾਤਾਰ ਆਪਣੇ ਮ੍ਰਿਤਕ ਦੋਸਤ ਦੇ ਸੁਪਨੇ ਆ ਰਹੇ ਸਨ, ਜਿਸ ਕਰ ਕੇ ਉਹ ਗੰਭੀਰ ਮਾਨਸਿਕ ਤਣਾਅ ਤੇ ਖੌਫ਼ ਵਿੱਚ ਆ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 42 ਸਾਲਾ ਵਿਸ਼ਾਲ ਕਦਮ ਵਜੋਂ ਹੋਈ ਹੈ, ਜਦਕਿ ਮੁੱਖ ਮੁਲਜ਼ਮ ਉਸ ਦਾ ਕਰੀਬੀ ਦੋਸਤ ਪ੍ਰਭੂ ਕਰਕੜੇ ਹੈ। ਪੁਲਸ ਅਨੁਸਾਰ ਦੋਵੇਂ ਇਕੱਠੇ ਸ਼ਰਾਬ ਪੀ ਰਹੇ ਸਨ, ਜਦੋਂ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਵਿਵਾਦ ਵਧਣ 'ਤੇ ਪ੍ਰਭੂ ਨੇ ਵਿਸ਼ਾਲ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਘਬਰਾਏ ਪ੍ਰਭੂ ਨੇ ਆਪਣੇ ਮਕਾਨ ਮਾਲਕ ਸੰਦੇਸ਼ ਮਹਾਤਰੇ ਦੀ ਮਦਦ ਲਈ। ਦੋਹਾਂ ਨੇ ਮਿਲ ਕੇ ਵਿਸ਼ਾਲ ਦੀ ਲਾਸ਼ ਨੂੰ ਇੱਕ ਬੋਰੀ ਵਿੱਚ ਪਾਇਆ ਅਤੇ ਕੋਪਰ ਰੋਡ ਸਥਿਤ ਖਾੜੀ ਦੇ ਕੋਲ ਸੁੰਨਸਾਨ ਇਲਾਕੇ ਵਿੱਚ ਸੁੱਟ ਦਿੱਤਾ ਤਾਂ ਜੋ ਅਪਰਾਧ ਦਾ ਕੋਈ ਸੁਰਾਗ ਨਾ ਮਿਲੇ। ਹਾਲਾਂਕਿ, ਅਪਰਾਧ ਛੁਪਾਉਣ ਦੇ ਬਾਵਜੂਦ ਮੁਲਜ਼ਮ ਆਪਣੇ ਪਛਤਾਵੇ ਅਤੇ ਡਰ ਤੋਂ ਮੁਕਤ ਨਹੀਂ ਹੋ ਸਕਿਆ। ਪਿਛਲੇ 20 ਦਿਨਾਂ ਤੋਂ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਅਤੇ ਮ੍ਰਿਤਕ ਦੋਸਤ ਵਾਰ-ਵਾਰ ਉਸ ਦੇ ਸੁਪਨਿਆਂ ਵਿੱਚ ਆ ਕੇ ਉਸ ਨੂੰ ਡਰਾ ਰਿਹਾ ਸੀ। ਇਸ ਮਾਨਸਿਕ ਦਬਾਅ ਅਤੇ ਡਰ ਕਾਰਨ ਪ੍ਰਭੂ ਸਿੱਧਾ ਠਾਣੇ ਕ੍ਰਾਈਮ ਬ੍ਰਾਂਚ ਦੀ ਸੈਂਟਰਲ ਯੂਨਿਟ ਪਹੁੰਚਿਆ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ।
ਮੁਲਜ਼ਮ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੁਲਸ ਨੇ ਪ੍ਰਭੂ ਕਰਕੜੇ ਅਤੇ ਲਾਸ਼ ਨੂੰ ਠਿਕਾਣੇ ਲਗਾਉਣ ਵਿੱਚ ਮਦਦ ਕਰਨ ਵਾਲੇ ਮਕਾਨ ਮਾਲਕ ਸੰਦੇਸ਼ ਮਹਾਤਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਨੂੰ ਕਲਿਆਣ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਫਿਲਹਾਲ ਵਿਸ਼ਨੂੰਨਗਰ ਪੁਲਸ ਕਤਲ ਦੇ ਅਸਲ ਕਾਰਨਾਂ ਅਤੇ ਮਕਾਨ ਮਾਲਕ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Disney 'ਚ ਵੱਡੇ ਪੱਧਰ 'ਤੇ ਛਾਂਟੀ ਦੀ ਤਿਆਰੀ, ਹਜ਼ਾਰਾਂ ਕਰਮਚਾਰੀਆਂ ਨੂੰ ਹੋ ਸਕਦਾ ਹੈ ਨੁਕਸਾਨ
NEXT STORY