ਸਮਰਾਲਾ, (ਗਰਗ, ਬੰਗੜ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਹੈ ਕਿ ਪੰਜਾਬ 'ਚ ਬਿਜਲੀ ਸਭ ਤੋਂ ਮਹਿੰਗੀ ਹੋਣ ਪਿੱਛੇ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਮਿਲ ਕੇ ਕੀਤਾ ਗਿਆ 4100 ਕਰੋੜ ਰੁਪਏ ਦਾ ਘਪਲਾ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ਕਾਰਨ ਹੀ ਸਰਕਾਰ ਜਾਣਬੁੱਝ ਕੇ ਥਰਮਲ ਪਲਾਟਾਂ ਦੇ 'ਕੋਲ ਵਾਸ਼ਿੰਗ' ਕੇਸ ਨੂੰ ਵੀ ਹਾਰ ਗਈ ਹੈ, ਜਿਸ ਦਾ ਖਮਿਆਜ਼ਾ ਸੂਬੇ ਦੀ ਜਨਤਾ ਨੂੰ ਜੇਬਾਂ ਖਾਲੀ ਕਰ ਕੇ ਭੁਗਤਣਾ ਪੈ ਰਿਹਾ ਹੈ। ਸ. ਮਜੀਠੀਆ ਅੱਜ ਇਥੇ ਇਕ ਸਮਾਗਮ ਮੌਕੇ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਇਸ ਮੌਕੇ ਦਿੱਲੀ ਚੋਣਾਂ 'ਚ ਪ੍ਰਚਾਰ ਮੌਕੇ ਸੂਬੇ ਦੀ ਝੂਠੀ ਤਸਵੀਰ ਪੇਸ਼ ਕਰਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਦਿੱਲੀ ਜਾ ਕੇ ਪੰਜਾਬ ਵਿਚ 5500 ਸਮਾਰਟ ਸਕੂਲ ਬਣਾਉਣ ਦਾ ਦਾਅਵਾ ਕਰ ਕੇ ਆਏ ਕੈਪਟਨ ਜੇਕਰ ਸੂਬੇ 'ਚ ਬਣਾਏ ਸਿਰਫ 55 ਸਮਰਾਟ ਸਕੂਲਾਂ ਦੀ ਸੂਚੀ ਹੀ ਦੇ ਦੇਣ ਤਾਂ ਲੋਕ ਉਨ੍ਹਾਂ ਦਾ ਸਨਮਾਨ ਕਰਨ ਨੂੰ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਕੈਪਟਨ ਦੇ ਤਿੰਨ ਸਾਲਾਂ ਦੇ ਰਾਜ ਵਿਚ ਸਿਰਫ ਕਾਂਗਰਸ ਦੇ 80 ਵਿਧਾਇਕ ਹੀ ਸਮਾਰਟ ਬਣੇ ਹਨ, ਉਸ ਤੋਂ ਇਲਾਵਾ ਇਥੇ ਕੱਖ ਨਹੀਂ ਹੋਇਆ।
ਉਨ੍ਹਾਂ 11 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਬਿਆਨ 'ਤੇ ਵੀ ਮੁੱਖ ਮੰਤਰੀ ਦੀ ਸਖ਼ਤ ਅਲੋਚਨਾ ਕਰਦੇ ਹੋਏ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਵੱਡਾ ਝੂਠ ਹੈ ਅਤੇ ਸਰਕਾਰ ਜ਼ਿਲਾ ਵਾਈਜ਼ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀਆਂ ਲਿਸਟਾਂ ਜਾਰੀ ਕਰੇ। ਇਸ ਮੌਕੇ ਉਨ੍ਹਾਂ ਗਰੀਬਾਂ ਨੂੰ ਸਹੂਲਤਾਂ ਦੇਣ ਮੌਕੇ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਦੇ ਕੀਤੇ ਜਾ ਰਹੇ ਡਰਾਮੇ 'ਤੇ ਵੀ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਸਰਕਾਰ ਆਪਣੇ ਮੰਤਰੀਆਂ-ਸੰਤਰੀਆਂ 'ਤੇ ਤਾਂ ਖੁੱਲ੍ਹਦਿਲੀ ਨਾਲ ਖ਼ਜਾਨਾ ਲੁਟਾ ਰਹੀ ਹੈ ਪਰ ਜਨਤਾ ਲਈ ਸਰਕਾਰ ਕੋਲ ਪੈਸਾ ਨਹੀਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ਿਵਾਲਿਕ, ਅਮਰੀਕ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ ਪਾਇਲ, ਅਜਮੇਰ ਸਿੰਘ ਲੱਖੋਵਾਲ, ਇੰਦਰਜੀਤ ਸਿੰਘ ਲੋਪੋਂ, ਬਲਜਿੰਦਰ ਸਿੰਘ ਬਬਲੂ ਲੋਪੋਂ, ਸੰਤਾ ਸਿੰਘ ਉਮੈਦਪੁਰੀ, ਲਾਲਾ ਮੰਗਤ ਰਾਏ ਮਾਲਵਾ, ਆਲਮਦੀਪ ਸਿੰਘ ਮੱਲਮਾਜਰਾ, ਜਗਰੂਪ ਸਿੰਘ ਰੂਪਾ, ਮਨਜਿੰਦਰਜੀਤ ਸਿੰਘ ਜੌਨੀ, ਪਵਨਦੀਪ ਮਾਦਪੁਰ ਅਤੇ ਸਤਵੀਰ ਸਿੰਘ ਸੇਖੋਂ ਆਦਿ ਸਮੇਤ ਵੱਡੀ ਗਿਣਤੀ 'ਚ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।
ਕੋਰੋਨਾ ਵਾਇਰਸ ਨੂੰ ਲੈ ਕੇ ਆਸਟਰੇਲੀਆ ’ਚ ਚਾਈਨੀਜ਼ ਵਿਦਿਆਰਥੀਆਂ ਦੀ ਐਂਟਰੀ ’ਤੇ ਰੋਕ
NEXT STORY