ਮੋਹਾਲੀ (ਜਸਬੀਰ ਜੱਸੀ) : ਮੋਹਾਲੀ ਦੇ ਫੇਜ਼-5 ਸਨਅਤੀ ਖੇਤਰ 'ਚ ਪੀ. ਟੀ. ਐੱਲ. ਚੌਂਕ ਨੇੜੇ ਵੀਰਵਾਰ ਨੂੰ ਸਵੇਰੇ ਆਰ. ਐੱਮ. ਸੀ. ਪੁਆਇੰਟ ਬਾਹਰ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਦਾ ਧੂੰਆਂ ਨੇੜਲੇ ਘਰਾਂ ਦੇ ਅੰਦਰ ਤੱਕ ਦਾਖ਼ਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਭਾਰੀ ਔਖ ਹੋਈ ਅਤੇ ਹਫੜਾ-ਦਫੜੀ ਮੱਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਸਥਾਨਕ ਨਿਵਾਸੀਆਂ ਅਨੁਸਾਰ ਇਸ ਜਗ੍ਹਾ 'ਤੇ ਨਗਰ ਨਿਗਮ ਵੱਲੋਂ ਸੁੱਕੀਆਂ ਝਾੜੀਆਂ, ਦਰਖ਼ੱਤਾਂ ਦੇ ਪੱਤੇ ਅਤੇ ਕੂੜਾ-ਕਰਕਟ ਸੁੱਟਿਆ ਜਾਂਦਾ ਹੈ। ਲੰਬੇ ਸਮੇਂ ਤੋਂ ਇਕੱਠੇ ਹੋ ਰਹੇ ਇਸ ਕੂੜੇ ਅਤੇ ਸੁੱਕੀ ਵੈਜੀਟੇਸ਼ਨ ਕਾਰਨ ਛੋਟੀ ਜਿਹੀ ਚੰਗਿਆੜੀ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲੋਕਾਂ ਦਾ ਦੋਸ਼ ਹੈ ਕਿ ਨਿਗਮ ਦੀ ਇਸ ਲਾਪਰਵਾਹੀ ਕਾਰਨ ਹੀ ਅੱਜ ਇਲਾਕੇ ਦੇ ਲੋਕਾਂ ਦੀ ਜਾਨ-ਮਾਲ ਖ਼ਤਰੇ 'ਚ ਪੈ ਗਈ ਸੀ।
ਪਹਿਲਾਂ ਵੀ ਲੱਗ ਚੁੱਕੀ ਹੈ ਅੱਗ, ਚੱਲਿਆ ਸੀ ਲੜੀਵਾਰ ਧਰਨਾ
ਜ਼ਿਕਰਯੋਗ ਹੈ ਕਿ ਇਸ ਸਥਾਨ 'ਤੇ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਮੱਸਿਆ ਦੇ ਸਥਾਈ ਹੱਲ ਅਤੇ ਕੂੜਾ ਚੁੱਕਵਾਉਣ ਲਈ ਇਲਾਕਾ ਨਿਵਾਸੀਆਂ ਵੱਲੋਂ ਪਹਿਲਾਂ ਵੀ ਲੰਬਾ ਸਮਾਂ ਲੜੀਵਾਰ ਧਰਨਾ ਦਿੱਤਾ ਗਿਆ ਸੀ। ਇਹ ਮੁੱਦਾ ਨਗਰ ਨਿਗਮ ਚੋਣਾਂ ਦੌਰਾਨ ਵੀ ਕਾਫੀ ਗਰਮਾਇਆ ਸੀ ਅਤੇ ਚੋਣਾਂ 'ਚ ਇੱਕ ਵੱਡਾ ਚੋਣ ਮੁੱਦਾ ਬਣਿਆ ਸੀ। ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਅਤੇ ਧਰਨਿਆਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਪੱਕਾ ਹੱਲ ਨਾ ਕੱਢੇ ਜਾਣ ਕਾਰਨ ਲੋਕਾਂ 'ਚ ਨਗਰ ਨਿਗਮ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇੱਥੋਂ ਤੁਰੰਤ ਕੂੜਾ ਅਤੇ ਸੁੱਕੀਆਂ ਝਾੜੀਆਂ ਹਟਾਈਆਂ ਜਾਣ ਤਾਂ ਜੋ ਭਵਿੱਖ 'ਚਅਜਿਹੇ ਵੱਡੇ ਹਾਦਸਿਆਂ ਤੋਂ ਬਚਾਅ ਹੋ ਸਕੇ।
ਅਮਰੀਕਾ 'ਚ ਪੰਜਾਬੀ ਨੌਜਵਾਨਾਂ ਨੂੰ ਹੋਵੇਗੀ ਜੇਲ੍ਹ ! ਕਾਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ
NEXT STORY