ਮੋਗਾ (ਆਜ਼ਾਦ) : ਥਾਣਾ ਸਦਰ ਅਧੀਨ ਪੈਂਦੇ ਪਿੰਡ ਸਾਫੂਵਾਲਾ ਨਿਵਾਸੀ ਬਜ਼ੁਰਗ ਜੰਗ ਸਿੰਘ ਜੋ ਪੁਰਤਗਾਲ ਰਹਿੰਦੇ ਆਪਣੇ ਬੇਟੇ ਨੂੰ ਪੈਸੇ ਭੇਜਣ ਲਈ ਆਪਣੇ ਸੋਨੇ ਦੇ ਗਹਿਣੇ ਰੱਖ ਕੇ ਸੁਨਿਆਰ ਤੋਂ ਇਕ ਲੱਖ ਰੁਪਏ ਲੈ ਕੇ ਆਇਆ ਸੀ, ਰਸਤੇ ਵਿਚ ਡਿੱਗ ਪਏ ਸਨ, ਥਾਣਾ ਸਿਟੀ ਮੋਗਾ ਵੱਲੋਂ ਇਕ ਘੰਟੇ ਦੇ ਅੰਦਰ ਲੱਭ ਕੇ ਉਸਦੇ ਹਵਾਲੇ ਕੀਤੇ ਗਏ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਮਿਲਣ ’ਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿਚ ਜਦੋਂ ਮੁੱਖ ਮੁਣਸ਼ੀ ਦਿਲਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਰਾਹੁਲ ਅਤੇ ਮਨਪ੍ਰੀਤ ਸਿੰਘ ਦੇ ਨਾਲ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਅਤੇ ਉਨ੍ਹਾਂ ਨੂੰ ਬਜ਼ੁਰਗ ਜੰਗ ਸਿੰਘ ਤੋਂ ਪਤਾ ਲੱਗਾ ਕਿ ਉਹ ਸਰਾਫਾ ਬਾਜ਼ਾਰ ਵਿਚੋਂ ਸੁਨਿਆਰ ਦੀ ਦੁਕਾਨ ਤੋਂ ਪੈਸੇ ਲੈਣ ਤੋਂ ਬਾਅਦ ਆਟੋ ਵਿਚ ਜਾ ਰਿਹਾ ਸੀ, ਜਦੋਂ ਉਹ ਉਤਰਿਆ ਤਾਂ ਉਸ ਦੇ ਪੈਸੇ ਕਿਧਰੇ ਡਿੱਗ ਪਏ ਸਨ, ਜਿਸ ਬਾਰੇ ਮੈਨੂੰ ਪਤਾ ਨਹੀਂ ਲੱਗ ਸਕਿਆ।
ਇਸ ਦੌਰਾਨ ਪੁਲਸ ਮੁਲਾਜ਼ਮਾਂ ਵੱਲੋਂ ਆਟੋ ਚਾਲਕ ਦੀ ਤਲਾਸ਼ ਕਰ ਕੇ ਉਸ ਨੂੰ ਜਾ ਲੱਭਿਆ ਅਤੇ ਆਟੋ ਚਾਲਕ ਨੇ ਦੱਸਿਆ ਕਿ ਉਹ ਦੋ ਔਰਤਾਂ ਨੂੰ ਪਿੰਡ ਚੁੱਪ ਕੀਤੀ ਛੱਡ ਕੇ ਆਇਆ ਸੀ ਜੋ ਇਸ ਬਜ਼ੁਰਗ ਦੇ ਨਾਲ ਆਟੋ ਵਿਚ ਸਵਾਰ ਸਨ, ਜਿਸ ਉਪਰੰਤ ਉਹ ਤੁਰੰਤ ਪਿੰਡ ਚੁੱਪ ਕੀਤੀ ਜਾ ਪੁੱਜੇ ਅਤੇ ਉਨ੍ਹਾਂ ਔਰਤਾਂ ਦੀ ਤਲਾਸ਼ ਕਰ ਲਈ ਅਤੇ ਉਨ੍ਹਾਂ ਕੋਲੋਂ ਇਕ ਲੱਖ ਰੁਪਏ ਵੀ ਬਰਾਮਦ ਕਰ ਲਏ ਉਨ੍ਹਾਂ ਔਰਤਾਂ ਨੇ ਕਿਹਾ ਕਿ ਸਾਨੂੰ ਤਾਂ ਡਿੱਗੇ ਪਏ ਮਿਲੇ ਸਨ, ਜਿਸ ਕਾਰਨ ਅਸੀਂ ਕਿਸੇ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਇਹ ਸੋਚਿਆ ਜੇ ਕਿਸੇ ਦੇ ਹੋਣਗੇ ਤਾਂ ਉਹ ਆਪਣੀ ਨਿਸ਼ਾਨੀ ਦੱਸ ਕੇ ਲੈ ਲਵੇਗਾ, ਸਾਡਾ ਮਕਸਦ ਪੈਸੇ ਨੂੰ ਹੜੱਪਣਾ ਜਾਂ ਬੇਈਮਾਨੀ ਨਹੀਂ ਸੀ।
ਇਸ ਉਪਰੰਤ ਬਜ਼ੁਰਗ ਵੱਲੋਂ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਗਿਆ ਅਤੇ ਪੁਲਸ ਵੱਲੋਂ ਉਨ੍ਹਾਂ ਕੋਲੋਂ ਇਕ ਲੱਖ ਹਾਸਲ ਕਰਕੇ ਜੰਗ ਸਿੰਘ ਦੇ ਹਵਾਲੇ ਕੀਤੇ। ਬਜ਼ੁਰਗ ਜੰਗ ਸਿੰਘ ਨੇ ਮੋਗਾ ਪੁਲਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੇਰੀ ਥਾਣਾ ਸਿਟੀ ਮੋਗਾ ਦੇ ਮੁਲਾਜ਼ਮਾਂ ਵੱਲੋਂ ਪੈਸੇ ਲੱਭਣ ਵਿਚ ਮਦਦ ਕਰਨ ਦੇ ਨਾਲ-ਨਾਲ ਪੈਸੇ ਲੱਭ ਕੇ ਦਿੱਤੇ ਹਨ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਉਕਤ ਮੁਲਾਜ਼ਮਾਂ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨ ਦੀ ਬੇਨਤੀ ਵੀ ਕੀਤੀ।
ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ
NEXT STORY