ਅਬੋਹਰ (ਸੁਨੀਲ) : ਇੱਥੇ ਅਬੋਹਰ ਹਨੂੰਮਾਨਗੜ੍ਹ ਰੋਡ ’ਤੇ ਖ਼ਸਤਾ ਹਾਲਤ ਸੜਕ ਕਾਰਨ ਅਕਸਰ ਹਾਦਸੇ ਵਾਪਰ ਰਹੇ ਹਨ। ਅੱਜ ਸਵੇਰੇ ਬਹਾਵਵਾਲਾ ਪਿੰਡ ਨੇੜੇ ਇੱਕ ਵੱਡਾ ਟਰਾਲਾ ਸੜਕ ਕਿਨਾਰੇ ਪਲਟ ਗਿਆ। ਜਿਸ 'ਚ ਡਰਾਈਵਰ ਵਾਲ-ਵਾਲ ਬਚ ਗਿਆ, ਪਰ ਟਰਾਲੇ ਨੂੰ ਕਾਫ਼ੀ ਨੁਕਸਾਨ ਹੋਇਆ। ਉੱਥੇ ਹੀ ਹੋਰ ਟਰਾਲਾ ਡਰਾਈਵਰਾਂ ਅਤੇ ਵਾਹਨ ਚਾਲਕਾਂ ਨੇ ਪ੍ਰਸ਼ਾਸਨ ਪ੍ਰਤੀ ਗੁੱਸਾ ਪ੍ਰਗਟ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ। ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਰੋਡ ’ਤੇ ਬਹਾਵਵਾਲਾ ਪਿੰਡ ਨੇੜੇ ਰੋਸ ਪ੍ਰਗਟ ਕਰ ਰਹੇ ਟਰਾਲਾ ਡਰਾਈਵਰਾਂ ਨੇ ਕਿਹਾ ਕਿ ਕੁਝ ਮੀਟਰ ਸੜਕ ਲੰਬੇ ਸਮੇਂ ਤੋਂ ਟੁੱਟੀ ਹੋਈ ਹੈ, ਜਿਸ ਕਾਰਨ ਡਰਾਈਵਰਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ, ਪਰ ਪ੍ਰਸ਼ਾਸਨ ਫਿਰ ਵੀ ਧਿਆਨ ਨਹੀਂ ਦੇ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਖ਼ਸਤਾ ਹਾਲਤ ਸੜਕ ’ਤੇ ਸੁੱਟੀ ਗਈ ਮਿੱਟੀ ਅਤੇ ਕੰਕਰੀਟ ਦੇ ਚੱਲਦੇ ਸੜਕ ਖ਼ਰਾਬ ਹੋ ਚੁੱਕੀ ਹੈ। ਹਰ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਅੱਜ ਸਵੇਰੇ ਵੀ ਇਸ ਰਸਤੇ ਤੋਂ ਲੰਘ ਰਿਹਾ ਇੱਕ ਟਰਾਲਾ ਖਰਾਬ ਸੜਕ ਕਾਰਨ ਪਲਟ ਗਿਆ। ਇਹ ਖੁਸ਼ਕਿਸਮਤੀ ਸੀ ਕਿ ਇਸ ਦੌਰਾਨ ਕੋਈ ਹੋਰ ਡਰਾਈਵਰ ਜਾਂ ਲੋਕ ਇਸ ਦੀ ਲਪੇਟ ਵਿੱਚ ਨਹੀਂ ਆਏ। ਜਿਸ ਥਾ ਤੇ ਹਾਦਸਾ ਹੋਇਆ ਉਥੇ ਨੇੜੇ ਹੀ ਠੇਕਾ ਹੈ ਜਿਸ ਕਾਰਨ ਅਕਸਰ ਲੋਕ ਉੱਥੋਂ ਲੰਘਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਲਈ ਉਪ-ਮੰਡਲ ਅਧਿਕਾਰੀ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਐਨਐਚਏਆਈ ਵਿਭਾਗ ਨੂੰ ਸੜਕ ਦੀ ਮੁਰੰਮਤ ਕਰਨ ਲਈ ਵੀ ਕਿਹਾ, ਪਰ ਵਿਭਾਗ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਵੇਲੇ ਫੰਡਾਂ ਦੀ ਘਾਟ ਹੈ ਅਤੇ ਫੰਡ ਉਪਲਬਧ ਹੋਣ ’ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਟਰਾਲਾ ਡਰਾਈਵਰਾਂ ਨੇ ਗੁੱਸੇ ਨਾਲ ਕਿਹਾ ਕਿ ਜ਼ਿਲ੍ਹੇ ਦੀ ਮਾਲਕ ਡਿਪਟੀ ਕਮਿਸ਼ਨਰ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸ਼ਾਇਦ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਇਸ ਛੋਟੇ ਜਿਹੇ ਹਿੱਸੇ ਦੀ ਮੁਰੰਮਤ ਕਰਨਾ ਉਸ ਲਈ ਕੋਈ ਵੱਡੀ ਗੱਲ ਨਹੀਂ ਸੀ। ਉਹ ਆਪਣੇ ਕੋਲ ਮੌਜੂਦ ਫੰਡਾਂ ਨਾਲ ਇਸ ਮਸਲੇ ਨੂੰ ਹੱਲ ਕਰ ਸਕਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਨਾ ਹੋਇਆ ਤਾਂ ਉਹ ਸੜਕ ਨੂੰ ਜਾਮ ਕਰਨ ਲਈ ਮਜਬੂਰ ਹੋਣਗੇ।
ਪੰਜਾਬੀ ਪ੍ਰਾਪਰਟੀ ਡੀਲਰ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ! ਦੇਹਰਾਦੂਨ 'ਚ ਮਿਲੀ ਲਾਸ਼
NEXT STORY