ਲੁਧਿਆਣਾ (ਰਾਜ): ਫੋਕਲ ਪੁਆਇੰਟ ਫੇਜ਼-8 ਸਥਿਤ ਸ਼ਾਰੂ ਸਟੀਲ ਫੈਕਟਰੀ ਦੇ ਨੇੜੇ ਇਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਐਕਟਿਵਾ ਸਵਾਰ ਦੋ ਦੋਸਤਾਂ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਸੜਕ ਹਾਦਸੇ ਵਿਚ 19 ਸਾਲਾ ਨੌਜਵਾਨ ਨੀਤੀਸ਼ ਕੁਮਾਰ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਦਿਵਿਆਂਸ਼ੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਦੀ ਮਾਂ ਪੂਨਮ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ 24 ਸਤੰਬਰ ਨੂੰ ਨੀਤੀਸ਼ ਆਪਣੇ ਦੋਸਤ ਦਿਵਿਆਂਸ਼ੂ ਨਾਲ ਨੀਲੇ ਰੰਗ ਦੀ ਹੋਂਡਾ ਐਕਟਿਵਾ 'ਤੇ ਕਿਸੇ ਕੰਮ ਲਈ ਨਿਕਲਿਆ ਸੀ। ਜਦੋਂ ਉਹ ਫੋਕਲ ਪੁਆਇੰਟ ਫੇਜ਼-8 ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਅਣਪਛਾਤੇ ਵਾਹਨ ਚਾਲਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਉੱਛਲ ਕੇ ਸੜਕ 'ਤੇ ਡਿੱਗ ਪਏ ਅਤੇ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਤੋਂ ਬਾਅਦ ਅਣਪਛਾਤਾ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਆਸ-ਪਾਸ ਦੀਆਂ ਫੈਕਟਰੀਆਂ ਦੇ ਮੁਲਾਜ਼ਮਾਂ ਅਤੇ ਰਾਹਗੀਰਾਂ ਨੇ ਦੋਵਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਨੀਤੀਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦਿਵਿਆਂਸ਼ੂ ਦਾ ਗੰਭੀਰ ਹਾਲਤ ਵਿਚ ਇਲਾਜ ਚੱਲ ਰਿਹਾ ਹੈ।
ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ ਹੈ। ਪੁਲਸ ਵੱਲੋਂ ਫਰਾਰ ਚਾਲਕ ਦੀ ਪਛਾਣ ਲਈ ਆਸ-ਪਾਸ ਦੀਆਂ ਸੜਕਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ।
PSSSB 'ਚ ਨਿਕਲੀ ਭਰਤੀ ! ਸਰਕਾਰੀ ਨੌਕਰੀ ਦੇ ਚਾਹਵਾਨ ਇੰਝ ਕਰਨ ਅਪਲਾਈ
NEXT STORY