ਅੰਮ੍ਰਿਤਸਰ (ਸੁਮਿਤ ਖੰਨਾ) : ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰੀ ਕੁੜੀਆਂ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ 'ਤੇ ਜਾਂ ਫਿਰ ਕੁਝ ਸਿਆਸੀ ਲੀਡਰਾਂ ਵਲੋਂ ਭੱਦੀ ਕੁਮੈਂਟਿੰਗ ਕੀਤੀ ਜਾ ਰਹੀ ਹੈ। ਅਜਿਹੇ 'ਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਕਸ਼ਮੀਰੀ ਕੁੜੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਹਰ ਕੋਨੇ 'ਚ ਰਹਿੰਦੀਆਂ ਕਸ਼ਮੀਰੀ ਕੁੜੀਆਂ ਦੀ ਸੁਰੱਖਿਆ, ਰਿਹਾਇਸ਼ ਤੇ ਉਨ੍ਹਾਂ ਨੂੰ ਸਹੀ-ਸਲਾਮਤ ਘਰ ਪਹੁੰਚਾਉਣ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਵੇਗਾ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਕਸ਼ਮੀਰੀ ਕੁੜੀਆਂ ਲਈ ਸੁਰੱਖਿਆ ਲਈ ਹਰ ਸੰਭਵ ਯਤਨ ਹੋਣਗੇ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵੱਖ-ਵੱਖ ਥਾਵਾਂ 'ਤੇ ਕਸ਼ਮੀਰੀ ਕੁੜੀਆਂ ਰਹਿ ਰਹੀਆਂ ਹਨ, ਜਿਨ੍ਹਾਂ 'ਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹਨ ਅਤੇ ਖਾਸਕਰ ਇਸਤਰੀ ਦੀ ਕਦਰ ਸਿੱਖਾਂ ਦਾ ਪਰਮ ਧਰਮ ਕਰਤੱਵ ਹੈ। ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਆਖਿਆ ਕਿ ਜਦੋਂ ਅਬਦਾਲੀ ਵੇਲੇ ਭਾਰਤੀ ਔਰਤਾਂ ਨੂੰ ਉਠਾਇਆ ਜਾ ਰਿਹਾ ਸੀ ਤਾਂ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਨੂੰ ਛੁਡਵਾ ਕੇ ਘਰੋ-ਘਰੀਂ ਪਹੁੰਚਾਇਆ ਸੀ। ਜੰਮੂ-ਕਸ਼ਮੀਰ ਦੀਆਂ ਬੱਚੀਆਂ ਪ੍ਰਤੀ ਮੰਦੀ ਭਾਸ਼ਾ ਬੋਲਣ ਵਾਲੇ ਲੋਕ ਮਨੁੱਖਤਾ ਦੇ ਨਾਮ 'ਤੇ ਕਲੰਕ ਹਨ ਅਤੇ ਅਜਿਹਾ ਕਰਕੇ ਉਹ ਆਪਣੀ ਘਟੀਆਂ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਦੇਸ਼ ਦਿੱਤਾ ਹੈ ਕਿ ਕਸ਼ਮੀਰੀ ਬੱਚੀਆਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ ਅਤੇ ਜੋ ਬੱਚੀਆਂ ਆਪੋ-ਆਪਣੇ ਘਰਾਂ ਤੱਕ ਜਾਣਾ ਚਾਹੁੰਦੀਆਂ ਹਨ ਉਨ੍ਹਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਭਾਈ ਲੌਂਗੋਵਾਲ ਦੇ ਨਿਰਦੇਸ਼ ਅਨੁਸਾਰ ਗੁਰਦੁਆਰਾ ਸਾਹਿਬ ਅਤੇ ਵਿਦਿਅਕ ਅਦਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਇਥੇ ਜੋ ਵੀ ਬੱਚੀਆਂ ਆਉਣਗੀਆਂ ਉਨ੍ਹਾਂ ਲਈ ਰਿਹਾਇਸ਼, ਲੰਗਰ ਅਤੇ ਉਨ੍ਹਾਂ ਨੂੰ ਸੁਰੱਖਿਅਤ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਜਾਵੇਗੀ।
ਸੂਰਜੀ ਊਰਜਾ ਨਾਲ ਜਲਦ ਜਗਮਗ ਹੋਵੇਗਾ 'ਚੰਡੀਗੜ੍ਹ ਰੇਲਵੇ ਸਟੇਸ਼ਨ'
NEXT STORY