ਜਲੰਧਰ (ਚੋਪੜਾ)—ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੁਣ ਪੰਜਾਬ 'ਚ ਕੁਝ ਅਸੈਂਬਲੀ ਹਲਕਿਆਂ ਲਈ ਹੋਣ ਵਾਲੀਆਂ ਉਪ ਚੋਣਾਂ ਨੂੰ ਲੈ ਕੇ ਘਮਾਸਾਨ ਮਚੇਗਾ। ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗਠਜੋੜ ਦਾ ਵਕਾਰ ਦਾਅ 'ਤੇ ਲੱਗੇਗਾ। ਸੂਬੇ ਦੇ 7 ਅਸੈਂਬਲੀ ਹਲਕਿਆਂ 'ਚ ਉਪ ਚੋਣਾਂ ਲਈ ਬਿਗੁਲ ਕਿਸੇ ਵੇਲੇ ਵੀ ਵੱਜ ਸਕਦਾ ਹੈ। ਇਨ੍ਹਾਂ ਉਪ ਚੋਣਾਂ 'ਚ ਜਿੱਤ ਹਾਸਲ ਕਰਕੇ ਜਿੱਥੇ ਅਕਾਲੀ-ਭਾਜਪਾ ਗਠਜੋੜ ਨੂੰ ਸੂਬੇ 'ਚ ਆਪਣੀ ਮਜ਼ਬੂਤੀ ਅਤੇ ਮੌਜੂਦਗੀ ਨੂੰ ਵਧਾਉਣ ਦਾ ਇਕ ਮੌਕਾ ਮਿਲੇਗਾ, ਉੱਥੇ ਕਾਂਗਰਸ ਨੂੰ ਲੋਕ ਸਭਾ ਦੀਆਂ ਚੋਣਾਂ 'ਚ ਮਿਲੀ ਜਿੱਤ ਨੂੰ ਭਵਿੱਖ 'ਚ ਬਣਾਈ ਰੱਖਣ ਲਈ ਔਖੇ ਰਾਹ ਤੋਂ ਲੰਘਣਾ ਪਵੇਗਾ।
ਦੱਸਣਯੋਗ ਹੈ ਕਿ ਲੋਕ ਸਭਾ ਦੀਆਂ ਆਮ ਚੋਣਾਂ 'ਚ ਕਾਂਗਰਸ ਨੂੰ 13 'ਚੋਂ 8 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਅਕਾਲੀ ਦਲ-ਭਾਜਪਾ ਗਠਜੋੜ ਦੇ ਖਾਤੇ 'ਚ 4 ਅਤੇ ਆਮ ਆਦਮੀ ਪਾਰਟੀ ਦੇ ਖਾਤੇ 'ਚ 1 ਸੀਟ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫਿਰੋਜ਼ਪੁਰ ਤੋਂ ਅਤੇ ਸੋਮ ਪ੍ਰਕਾਸ਼ ਦੇ ਹੁਸ਼ਿਆਰਪੁਰ ਤੋਂ ਚੋਣ ਜਿੱਤਣ ਪਿੱਛੋਂ ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਹਨ। ਦੋਵਾਂ ਹਲਕਿਆਂ 'ਚ ਹੁਣ ਉੱਪ ਚੋਣ ਹੋਵੇਗੀ। ਸੂਬੇ ਦੇ 5 ਹੋਰ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਵਿਧਾਇਕਾਂ ਵਲੋਂ ਅਸਤੀਫੇ ਦਿੱਤੇ ਹੋਣ ਕਾਰਨ ਇੱਥੇ ਵੀ ਉਪ ਚੋਣਾਂ ਹੋਣੀਆਂ ਯਕੀਨੀ ਹਨ। ਇਨ੍ਹਾਂ 5 ਵਿਧਾਨ ਸਭਾ ਹਲਕਿਆਂ 'ਚੋਂ ਇਕ ਹਲਕਾ ਭੁਲੱਥ ਹੈ, ਜਿੱਥੋਂ ਸੁਖਪਾਲ ਸਿੰਘ ਖਹਿਰਾ ਨੇ ਅਸਤੀਫਾ ਦੇਣ ਕਾਰਨ ਦਾਖਾ ਦੀ ਸੀਟ ਵੀ ਖਾਲੀ ਹੋ ਗਈ ਹੈ। ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਹਾ ਨੇ ਵੀ ਅਸਤੀਫਾ ਦਿੱਤਾ ਹੋਇਆ ਹੈ। ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਜੈਤੋ ਹਲਕੇ ਦੇ ਵਿਧਾਇਕ ਬਲਦੇਵ ਸਿੰਘ ਨੇ ਵੀ ਅਸਤੀਫਾ ਦਿੱਤਾ ਹੋਇਆ ਹੈ। ਉਨ੍ਹਾਂ ਪੀਪਲਜ਼ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜੀ ਸੀ ਪਰ ਹਾਰ ਗਏ।
ਕਾਂਗਰਸ ਕੋਲ ਇਸ ਸਮੇਂ ਵਿਧਾਨ ਸਭਾ 'ਚ ਦੋ-ਤਿਹਾਈ ਬਹੁਮਤ ਹੈ, ਇਸ ਲਈ ਉਪ ਚੋਣਾਂ 'ਚ ਜਿੱਤ ਨੂੰ ਯਕੀਨੀ ਬਣਾਉਣਾ ਪਾਰਟੀ ਲਈ ਓਨਾ ਜ਼ਰੂਰੀ ਨਹੀਂ ਪਰ ਇਸ ਦੇ ਬਾਵਜੂਦ ਉਹ ਇਨ੍ਹਾਂ ਉਪ ਚੋਣਾਂ ਨੂੰ ਸਾਧਾਰਨ ਢੰਗ ਨਾਲ ਨਹੀਂ ਲੈ ਸਕਦੀ। ਕਾਂਗਰਸ ਦੇ ਕੋਲ 78 ਵਿਧਾਇਕ ਹਨ। ਜੇ ਕਾਂਗਰਸ ਉਪ ਚੋਣਾਂ 'ਚ 4-5 ਹਲਕਿਆਂ 'ਚ ਜਿੱਤ ਜਾਂਦੀ ਹੈ ਤਾਂ ਵਿਧਾਇਕਾਂ ਦੀ ਗਿਣਤੀ ਹੋਰ ਵੀ ਵਧ ਜਾਏਗੀ ਅਤੇ ਉਨ੍ਹਾਂ ਨੂੰ ਸੰਭਾਲਣਾ ਮੁੱਖ ਮੰਤਰੀ ਲਈ ਔਖਾ ਹੋਵੇਗਾ। ਜੇ ਕਾਂਗਰਸ ਹਾਰ ਜਾਂਦੀ ਹੈ ਤਾਂ ਉਸ ਨੂੰ ਪੰਜਾਬ ਦੀ ਸਿਆਸਤ 'ਚ ਅਕਾਲੀ-ਭਾਜਪਾ ਗਠਜੋੜ ਦੇ ਮਜ਼ਬੂਤ ਹੋਣ ਕਾਰਨ ਦੂਰਸ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਕਾਲੀ-ਭਾਜਪਾ ਗਠਜੋੜ ਲਈ ਹਰ ਸੀਟ ਜਿੱਤਣੀ ਬੇਹੱਦ ਅਹਿਮ ਹੋਵੇਗੀ।
ਅਕਾਲੀ ਦਲ ਲਈ ਅਹਿਮ ਗੱਲ ਇਹ ਹੈ ਕਿ ਭਾਵੇਂ ਉਸ ਨੂੰ ਲੋਕ ਸਭਾ ਦੀਆਂ 2 ਸੀਟਾਂ ਹੀ ਮਿਲੀਆਂ ਹਨ ਪਰ ਪਾਰਟੀ ਦੀ ਵੋਟ ਫੀਸਦੀ 'ਚ ਚੌਖਾ ਸੁਧਾਰ ਹੋਇਆ ਹੈ। ਫਿਰ ਵੀ ਉਪ ਚੋਣਾਂ ਦੌਰਾਨ ਪਾਰਟੀ ਲਈ ਜਲਾਲਾਬਾਦ ਅਤੇ ਫਗਵਾੜਾ ਸੀਟਾਂ 'ਤੇ ਕਬਜ਼ਾ ਬਣਾਈ ਰੱਖਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ। ਉਕਤ ਦੋ ਹਲਕਿਆਂ ਤੋਂ ਇਲਾਵਾ ਬਾਕੀ ਦੇ 5 ਹਲਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ ਕੋਲ ਹਨ। ਇਨ੍ਹਾਂ 'ਚ ਦਾਖਾ ਨੂੰ ਛੱਡ ਕੇ ਮਾਨਸਾ, ਭੁਲੱਥ, ਜੈਤੋ ਤੇ ਰੋਪੜ 'ਚ ਕਾਂਗਰਸ ਨੂੰ ਲੀਡ ਹਾਸਲ ਹੋਈ ਹੈ। ਦਾਖਾ 'ਚ ਲੋਕ ਇਨਸਾਫ ਪਾਰਟੀ ਅੱਗੇ ਲੰਘ ਗਈ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੇ ਸਮੀਕਰਨਾਂ ਪਿੱਛੋਂ ਉਪ ਚੋਣਾਂ 'ਚ ਕਿਹੜੀ ਪਾਰਟੀ ਆਪਣਾ ਦਬਦਬਾ ਬਣਾਈ ਰੱਖਣ 'ਚ ਸਫਲ ਹੋਵੇਗੀ।
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਗਲਤ ਢੰਗ ਨਾਲ ਬਣਾਈ ਵੀਡੀਓ ਵਾਇਰਲ
NEXT STORY