ਚੰਡੀਗੜ੍ਹ, (ਵੈੱਬ ਡੈਸਕ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ 'ਚ ਇਤਿਹਾਸਕ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਦੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਤੇ ਗੁਰੂਘਰ 'ਚ ਮੱਥਾ ਟੇਕਿਆ। ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਲੀਪੀਨਜ਼ ਵਿਖੇ ਇਤਿਹਾਸਿਕ ਗੁਰਦੁਆਰਾ ਖ਼ਾਲਸਾ ਦੀਵਾਨ ਸਾਹਿਬ ਦੀ ਨਵੀਂ ਪੰਜ ਮੰਜ਼ਿਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਦੇ ਵਿਸ਼ੇਸ਼ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਬਰਾੜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਏਸ਼ੀਅਨ ਸੰਮੇਲਨ ਵਰਗੇ ਮਹੱਤਵਪੂਰਨ ਕੌਮਾਂਤਰੀ ਦੌਰੇ ਦੌਰਾਨ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਲੀਡਰ ਆਪਣੀਆਂ ਕੂਟਨੀਤਿਕ ਮੀਟਿੰਗਾਂ ਅਤੇ ਸਿਆਸੀ ਰਝੇਵਿਆਂ ਵਿੱਚ ਮਸ਼ਰੂਫ ਸਨ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਘਰਾਂ ਪ੍ਰਤੀ ਆਪਣੀ ਅਥਾਹ ਸ਼ਰਧਾ ਤੇ ਸੇਵਾ ਭਾਵਨਾ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ 1901 ਵਿੱਚ ਬਣੀ ਇਤਿਹਾਸਿਕ ਇਮਾਰਤ ਸੀ, ਜਿਸ ਦੀ ਜਗ੍ਹਾ ਹੁਣ ਬਣਨ ਜਾ ਰਹੀ ਨਵੀਂ ਪੰਜ ਮੰਜ਼ਿਲੀ ਇਮਾਰਤ ਵਿੱਚ ਸਿੱਖ ਸੰਗਤਾਂ ਲਈ ਆਧੁਨਿਕ ਲੰਗਰ ਹਾਲ, ਕੀਰਤਨ ਦਰਬਾਰ ਅਤੇ ਵਿਸ਼ੇਸ਼ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਇਹ ਸਿਰਫ਼ ਇੱਕ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਨਹੀਂ, ਸਗੋਂ ਪ੍ਰਧਾਨ ਮੰਤਰੀ ਦੀ ਸਰਬ-ਧਰਮਾਂ ਪ੍ਰਤੀ ਸਤਿਕਾਰ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ।
ਬਰਾੜ ਨੇ ਕਿਹਾ ਕਿ ਇੱਕ ਕਾਂਗਰਸ ਦਾ ਦੌਰ ਸੀ ਜਦੋਂ ਧਾਰਮਿਕ ਅਸਥਾਨਾਂ 'ਤੇ ਹਮਲੇ ਹੋਏ ਅਤੇ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਜਦਕਿ ਅੱਜ ਦਾ ਦੌਰ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਖ਼ੁਦ ਗੁਰੂ ਘਰਾਂ ਦੀ ਉਸਾਰੀ ਅਤੇ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਬਰਾੜ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸੇਵਾ ਕਰਨ ਦਾ ਬਲ ਬਖਸ਼ਣ ਅਤੇ ਉਹ ਹਮੇਸ਼ਾ ਸਰਬਤ ਦੇ ਭਲੇ ਲਈ ਕੰਮ ਕਰਦੇ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ, ਪ੍ਰਧਾਨ ਅਤੇ ਸਮੂਹ ਸਿੱਖ ਸੰਗਤ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ।
ਕਰਤਾਰਪੁਰ ਕਾਰੀਡੋਰ ਖੋਲ੍ਹਣ ਤੇ SGPC ਚੋਣਾਂ ਨੂੰ ਲੈ ਕੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਖੋਲ੍ਹਿਆ ਮੋਰਚਾ
NEXT STORY