ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਵਾਦਤ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ) ਮੁੱਦੇ 'ਤੇ ਸੁਪਰੀਮ ਕੋਰਟ ਵਲੋਂ ਪੰਜਾਬ ਐਂਡ ਹਰਿਆਣਾ ਨੂੰ ਆਪਸੀ ਰਜ਼ਾਮੰਦੀ ਬਣਾਉਣ ਲਈ 3 ਸਤੰਬਰ ਦੀ ਤਰੀਕ ਨਿਰਧਾਰਿਤ ਕੀਤੇ ਜਾਣ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਤੁਰੰਤ ਸਰਵਦਲੀਆ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਪਾਰਟੀ ਹੈਡਕੁਆਟਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਪੰਜਾਬ ਤੇ ਪੰਜਾਬ ਦੇ ਪਾਣੀਆਂ ਬਾਰੇ ਰੱਤੀ ਭਰ ਵੀ ਸੰਜੀਦਾ ਹਨ ਤਾਂ ਉਹ ਪੰਜਾਬ ਦੀ ਹੋਂਦ ਨਾਲ ਜੁੜੇ ਪਾਣੀਆਂ ਦੇ ਅਤੀ ਅਹਿਮ ਮੁੱਦੇ 'ਤੇ ਸਾਰੀਆਂ ਸਿਆਸੀ ਪਾਰਟੀਆਂ 'ਤੇ ਆਧਾਰਿਤ ਸਰਵਦਲੀ ਬੈਠਕ ਬੁਲਾਉਣ, ਜਿਸ 'ਚ ਪ੍ਰੀਤਮ ਸਿੰਘ ਕੁੰਮੇਦਾਨ ਸਮੇਤ ਪਾਣੀਆਂ ਦੇ ਪ੍ਰਮੁੱਖ ਮਾਹਿਰ, ਪੰਜਾਬ ਦੇ ਸ਼ੁਭਚਿੰਤਕ ਕਾਨੂੰਨਦਾਨ, ਇਸ ਵਿਸ਼ੇ 'ਤੇ ਕੰਮ ਕਰ ਰਹੇ ਸਮਾਜਿਕ ਤੇ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦਿਆ ਜਾਵੇ ਤਾਂ ਕਿ ਆਪਣੇ ਨਿੱਜੀ ਜਾਂ ਸਿਆਸੀ ਮੁਫਾਦਾਂ ਤੋਂ 'ਤੇ ਉਠ ਕੇ ਸਿਰਫ਼ ਤੇ ਸਿਰਫ਼ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਬਾਰੇ ਸਰਬ-ਸਾਂਝਾ ਅਹਿਦ ਲਿਆ ਜਾਵੇ।
ਪੰਜਾਬ ਸਰਕਾਰ 3 ਸਤੰਬਰ ਨੂੰ ਹੋਣ ਵਾਲੀ ਬੈਠਕ ਦੌਰਾਨ ਇਸ ਸਰਵ-ਸਾਂਝੇ ਅਹਿਦ ਨੂੰ ਜ਼ੋਰਦਾਰ ਤਰੀਕੇ ਨਾਲ ਰੱਖੇ ਤਾਂ ਕਿ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਮੁਤਾਬਿਕ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਆਪਣੇ ਹੱਕ-ਹਕੂਕ ਬਹਾਲ ਕਰਵਾ ਸਕੇ। ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਵਲੋਂ ਕਾਣੀ ਵੰਡ ਨਾਲ ਲੁੱਟੇ ਗਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲੈ ਕੇ ਮਾਰੂਥਲ ਬਣਦੇ ਜਾ ਰਹੇ ਪੰਜਾਬ ਨੂੰ ਬਚਾਇਆ ਜਾ ਸਕੇ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਸ ਮਾਮਲੇ 'ਤੇ ਜਿੰਨੀ ਗੰਭੀਰਤਾ ਦਿਖਾਉਣਗੇ ਆਮ ਆਦਮੀ ਪਾਰਟੀ ਅਤੇ ਸਮੁੱਚਾ ਪੰਜਾਬ ਉਸ ਤੋਂ ਜ਼ਿਆਦਾ ਗੰਭੀਰਤਾ ਅਤੇ ਦ੍ਰਿੜ੍ਹਤਾ ਨਾਲ ਪੰਜਾਬ ਦੇ ਪਾਣੀਆਂ 'ਤੇ ਪਹਿਰਾ ਦੇਣਗੇ।
ਆਮ ਨਹੀਂ ਹੈ ਇਹ ਝੋਟਾ, ਰੋਜ਼ਾਨਾ ਦੀ ਖੁਰਾਕ ਸੁਣ ਅੱਡੀਆਂ ਰਹਿ ਜਾਣਗੀਆਂ ਅੱਖਾਂ
NEXT STORY