ਅੰਮ੍ਰਿਤਸਰ (ਸਰਬਜੀਤ) - ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਰਹੇ ਮਰਹੂਮ ਭਾਈ ਗੁਰਬਖਸ਼ ਸਿੰਘ ਠੱਸਕਾ ਅਲੀ (ਹਰਿਆਣਾ) ਦੀਆਂ ਅਸਥੀਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੀਆਂ, ਜਿਥੇ ਹੈੱਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਨੇ ਉਨ੍ਹਾਂ ਦੇ ਬੇਟੇ ਤੇ ਪਤਨੀ ਨੂੰ ਸਿਰੋਪਾਓ ਭੇਟ ਕੀਤਾ, ਜਦਕਿ ਮੁਤਵਾਜ਼ੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਅਰਦਾਸ ਕਰਨ ਉਪਰੰਤ ਮਾਨ ਦਲ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ 'ਚ ਅਸਥੀਆਂ ਨੂੰ ਕੀਤਰਪੁਰ ਸਾਹਿਬ ਵੱਲ ਰਵਾਨਾ ਕੀਤਾ।
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਸਿੱਖ ਕੌਮ ਨਾਲ ਬੜੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹੁਣ ਸਰਕਾਰ ਅੱਖਾਂ-ਕੰਨ ਬੰਦ ਕਰ ਕੇ ਬੈਠ ਗਈ ਹੈ, ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕੈਪਟਨ ਵੀ ਬਾਦਲਾਂ ਦੀਆਂ ਪੈੜਾਂ 'ਤੇ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਈ ਖਾਲਸਾ ਦੀ ਸ਼ਹੀਦੀ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ, ਵਿੱਢੇ ਸੰਘਰਸ਼ ਨੂੰ ਪੂਰਾ ਕਰਨ ਲਈ ਸਿੱਖ ਜਥੇਬੰਦੀਆਂ ਇਕਜੁੱਟਤਾ ਨਾਲ ਇਕੱਠੀਆਂ ਹੋਣ ਤਾਂ ਕਿ ਪੰਜਾਬ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ।
ਭਾਈ ਗੁਰਬਖਸ਼ ਸਿੰਘ ਦੀਆਂ ਅਸਥੀਆਂ ਨੂੰ ਵਿਸਰਜਨ ਕਰਨ ਲਈ ਉਨ੍ਹਾਂ ਦੇ ਪਰਿਵਾਰ ਸਮੇਤ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ, ਜਨਰਲ ਸਕੱਤਰ ਭਾਈ ਪਰਮਜੀਤ ਸਿੰਘ ਜਿਜੇਆਣੀ, ਵੱਸਣ ਸਿੰਘ ਜੱਫਰਵਾਲ, ਜੱਸਾ ਸਿੰਘ ਮੰਡਿਆਲਾ ਤੇ ਸਤਨਾਮ ਸਿੰਘ ਮਨਾਵਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ, ਭਾਈ ਹਰਬੀਰ ਸਿੰਘ ਸੰਧੂ, ਜ਼ਿਲਾ ਪ੍ਰਧਾਨ ਦਿਹਾਤੀ ਭਾਈ ਅਮਰੀਕ ਸਿੰਘ ਨੰਗਲ ਤੇ ਹੋਰ ਵੀ ਪਾਰਟੀ ਵਰਕਰ ਤੇ ਸਮਰਥਕ ਹਾਜ਼ਰ ਸਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਭਾਈ ਪਰਮਜੀਤ ਸਿੰਘ ਜਿਜੇਆਣੀ ਨੇ ਕਿਹਾ ਕਿ ਉਹ ਅਸਥੀਆਂ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜ ਚੁੱਕੇ ਹਨ, ਜਿਨ੍ਹਾਂ ਨੂੰ ਭਲਕੇ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ।
ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੱਖ-ਵੱਖ ਸੈਂਟਰਾਂ ਦਾ ਕੀਤਾ ਨਿਰੀਖਣ
NEXT STORY