ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵਿਸ਼ੇਸ਼ ਵੀਡੀਓ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੂੰ ਵੱਡੀ ਠੱਗੀ ਤੋਂ ਬਚਣ ਦੀ ਅਪੀਲ ਕੀਤੀ ਹੈ। ਗਾਇਕ ਨੇ ਦੱਸਿਆ ਕਿ ਕੁਝ ਸ਼ਾਰਤੀ ਅਨਸਰ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਟੀਮ ਦਾ ਨਾਂ ਵਰਤ ਕੇ ਲੋਕਾਂ ਨੂੰ ਫਰਾਡ ਕਾਲਾਂ ਅਤੇ ਮੈਸੇਜ ਕਰ ਰਹੇ ਹਨ।
ਮਨਕੀਰਤ ਔਲਖ ਨੇ ਖੁਲਾਸਾ ਕੀਤਾ ਕਿ ਇਹ ਠੱਗ ਮੁੱਖ ਤੌਰ 'ਤੇ ਪਾਕਿਸਤਾਨੀ ਨੰਬਰਾਂ ਤੋਂ ਫੋਨ ਕਰ ਰਹੇ ਹਨ। ਉਹ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ 2,000 ਰੁਪਏ ਤੋਂ ਲੈ ਕੇ ਵੱਡੀਆਂ ਰਕਮਾਂ ਦੀ ਮੰਗ ਕਰ ਰਹੇ ਹਨ। ਵੀਡੀਓ ਵਿੱਚ ਗਾਇਕ ਨੇ ਕੁਝ ਵੌਇਸ ਮੈਸੇਜ ਵੀ ਸੁਣਾਏ, ਜਿਸ ਵਿੱਚ ਠੱਗ ਮਨਕੀਰਤ ਔਲਖ ਬਣ ਕੇ ਲੋਕਾਂ ਨੂੰ ਵਿਦੇਸ਼ (ਯੂ.ਕੇ., ਯੂ.ਐਸ.ਏ.) ਤੋਂ ਪੈਸੇ ਪਾਉਣ ਦਾ ਲਾਲਚ ਦੇ ਕੇ ਠੱਗ ਰਹੇ ਹਨ।
ਗਾਇਕ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਇਕ ਸਿੱਧੇ-ਸਾਦੇ ਬੰਦੇ ਹਨ ਅਤੇ ਜੇਕਰ ਉਨ੍ਹਾਂ ਨੇ ਕਿਸੇ ਨਾਲ ਰਾਬਤਾ ਕਰਨਾ ਹੋਵੇਗਾ ਤਾਂ ਉਹ ਖੁਦ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣਾ OTP ਸਾਂਝਾ ਨਾ ਕਰੋ। ਰਜਿਸਟਰੇਸ਼ਨ ਜਾਂ ਕਿਸੇ ਮਦਦ ਦੇ ਨਾਂ 'ਤੇ ਕਿਸੇ ਨੂੰ ਵੀ ਕੋਈ ਵੀ ਪੈਸਾ ਨਾ ਦਿੱਤਾ ਜਾਵੇ। ਮਨਕੀਰਤ ਨੇ ਵੀਡੀਓ 'ਚ ਦੱਸਿਆ ਕਿ ਠੱਗ 10 ਲੱਖ ਰੁਪਏ ਦੇਣ ਦਾ ਲਾਲਚ ਦੇ ਕੇ 5,000 ਜਾਂ 10,000 ਰੁਪਏ ਜਮ੍ਹਾ ਕਰਵਾਉਣ ਲਈ ਕਹਿੰਦੇ ਹਨ, ਅਜਿਹੇ ਝਾਂਸੇ ਵਿੱਚ ਨਾ ਆਓ।
ਮਨਕੀਰਤ ਔਲਖ ਨੇ ਦੱਸਿਆ ਕਿ ਕੁਝ ਬੈਂਕ ਖਾਤੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪੈਸੇ ਪਵਾਏ ਜਾ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਹੋਰ ਮਾਸੂਮ ਲੋਕ ਇਨ੍ਹਾਂ ਠੱਗਾਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ।
ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ 'ਤੇ ਲਾਏ ਗੰਭੀਰ ਦੋਸ਼
NEXT STORY