ਫਗਵਾੜਾ (ਜਲੋਟਾ) : ਫਗਵਾੜਾ ਦੇ ਮੁਹੱਲਾ ਸ਼ਿਵਪੁਰੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ, ਡਰ ਅਤੇ ਸੋਗ ਦੀ ਲਹਿਰ ਦੌੜ ਗਈ, ਜਦੋਂ ਬੀਤੇ ਕਰੀਬ 5 ਦਿਨਾਂ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਪਿੰਡ ਖੋਥੜਾਂ ਦੇ ਇੱਕ ਛੱਪੜ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਰਾਜਨ ਕੁਮਾਰ ਪੁੱਤਰ ਬਿਆਸ ਸਿੰਘ ਵਜੋਂ ਹੋਈ ਹੈ ਜੋ ਕਿ ਫਗਵਾੜਾ ਦੀ ਗਲੀ ਨੰਬਰ 5, ਸ਼ਿਵਪੁਰੀ ਦਾ ਰਹਿਣ ਵਾਲਾ ਸੀ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਰਾਜਨ ਕੁਮਾਰ ਬੀਤੇ ਦਿਨੀਂ ਐਤਵਾਰ ਰਾਤ ਨੂੰ ਕਰੀਬ 9:30 ਵਜੇ ਆਪਣੇ ਘਰ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਸੈਰ ਕਰਨ ਜਾ ਰਿਹਾ ਹੈ। ਪਰ ਜਦੋਂ ਉਹ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਅਗਲੇ ਦਿਨ ਸੋਮਵਾਰ ਨੂੰ ਜਦੋਂ ਰਾਜਨ ਜਿਸ ਜਿਮ ਵਿੱਚ ਕੰਮ ਕਰਦਾ ਸੀ, ਉੱਥੋਂ ਦੇ ਮਾਲਕ ਦਾ ਫੋਨ ਆਇਆ ਕਿ ਉਹ ਕੰਮ 'ਤੇ ਨਹੀਂ ਪਹੁੰਚਿਆ ਤਾਂ ਪਰਿਵਾਰ ਦੀ ਚਿੰਤਾ ਹੋਰ ਵੱਧ ਗਈ। ਇਸ ਉਪਰੰਤ ਪਰਿਵਾਰ ਨੇ ਤੁਰੰਤ ਸਥਾਨਕ ਪੁਲਸ ਕੋਲ ਰਾਜਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਛੱਪੜ 'ਚੋਂ ਮਿਲੀ ਲਾਸ਼
ਸ਼ਨੀਵਾਰ ਨੂੰ ਕਿਸੇ ਰਾਹਗੀਰ ਨੇ ਪਿੰਡ ਖੋਥੜਾਂ ਦੇ ਛੱਪੜ ਵਿੱਚ ਇੱਕ ਲਾਸ਼ ਤੈਰਦੀ ਹੋਈ ਦੇਖੀ, ਜਿਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਲਾਸ਼ ਨੂੰ ਬਾਹਰ ਕਢਵਾਇਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਰਾਜਨ ਦੇ ਪਿਤਾ ਅਤੇ ਹੋਰ ਮੈਂਬਰਾਂ ਨੇ ਮ੍ਰਿਤਕ ਦੀ ਪਛਾਣ ਕੀਤੀ।
ਪਰਿਵਾਰ ਦਾ ਵੱਡਾ ਖੁਲਾਸਾ, ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਮ੍ਰਿਤਕ ਦੇ ਪਿਤਾ ਬਿਆਸ ਸਿੰਘ ਨੇ ਪੁਲਸ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੇਹੱਦ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਹੋਲੀ ਦੇ ਦਿਨਾਂ ਦੌਰਾਨ ਰਾਜਨ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ ਜਿਸ ਵਿੱਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਪਿਤਾ ਅਨੁਸਾਰ ਰਾਜਨ ਨੇ ਇਸ ਬਾਰੇ ਪਰਿਵਾਰ ਨੂੰ ਦੱਸਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਮਾਮਲਾ ਮਹਿਜ਼ ਹਾਦਸਾ ਨਹੀਂ ਸਗੋਂ ਯੋਜਨਾਬੱਧ ਕਤਲ ਹੋ ਸਕਦਾ ਹੈ।

ਪੁਲਸ ਦੀ ਕਾਰਵਾਈ
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਸ ਅਨੁਸਾਰ ਮ੍ਰਿਤਕ ਦੇ ਸਰੀਰ 'ਤੇ ਜ਼ਾਹਿਰਾ ਤੌਰ 'ਤੇ ਕੋਈ ਨਿਸ਼ਾਨ ਨਹੀਂ ਦਿਖ ਰਹੇ ਪਰ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਸ ਅਧਿਕਾਰੀ ਨੇ ਕਿਹਾ, ''ਸਾਨੂੰ ਸੂਚਨਾ ਮਿਲੀ ਸੀ ਕਿ ਖੋਥੜਾਂ ਦੇ ਛੱਪੜ ਵਿੱਚ ਲਾਸ਼ ਹੈ। ਅਸੀਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੇ ਹਾਂ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਦੋਸ਼ੀ ਪਾਇਆ ਗਿਆ, ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"

ਇਹ ਵੀ ਪੜ੍ਹੋ : ਖੰਨਾ ‘ਚ ਹਾਈ-ਪ੍ਰੋਫਾਈਲ ਚੋਰੀ, ਨੌਕਰ ਨੇ ਪਤਨੀ ਸਮੇਤ ਰਚਿਆ ਖੇਡ; ਬੱਚਿਆਂ ਨੇ ਖੋਲ੍ਹਿਆ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਪੰਡੋਰੀ 'ਚ ਹਲਕਾਏ ਕੁੱਤੇ ਦਾ ਕਹਿਰ: ਚਾਰ ਲੋਕਾਂ ਨੂੰ ਵੱਢਿਆ, ਪਿੰਡ 'ਚ ਦਹਿਸ਼ਤ ਵਾਲਾ ਮਾਹੌਲ
NEXT STORY