ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮੇਸ਼ਾ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਜਾਂ ਫਿਰ ਗਤੀਵਿਧੀਆਂ ਕਾਰਨ ਸੁਰਖੀਆਂ 'ਚ ਰਹਿੰਦੇ ਹੀ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਹ ਸਮੋਸੇ ਖਾਣ ਕਾਰਨ ਸੋਸ਼ਲ ਮੀਡੀਆ 'ਤੇ ਛਾਏ ਹੋਏ ਸਨ ਅਤੇ ਹੁਣ ਉਹ ਖਾਣਾ ਖਾਣ ਲਈ ਲਾਈਮ ਲਾਈਟ ਢਾਬੇ 'ਤੇ ਪਹੁੰਚ ਗਏ ਹਨ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਬੀਤੇ ਦਿਨ ਬਾਦਲ ਪਿੰਡ ਤੋਂ ਚੰਡੀਗੜ੍ਹ ਜਾ ਰਹੇ ਸਨ, ਜਿਸ ਦੌਰਾਨ ਉਹ ਰਸਤੇ 'ਚ ਇਕ ਢਾਬੇ 'ਤੇ ਰੁਕ ਗਏ। ਉੱਥੇ ਉਨ੍ਹਾਂ ਨੇ ਨਾ ਸਿਰਫ ਖਾਣਾ ਖਾਧਾ ਸਗੋਂ ਲੋਕਾਂ ਨਾਲ ਸੈਲਫੀਆਂ ਵੀ ਖਿਚਵਾਈਆਂ। ਇਸ ਮੌਕੇ ਲੋਕਾਂ ਨੇ ਉਨ੍ਹਾਂ ਨਾਲ ਆਪਣੀਆਂ ਪਰੇਸ਼ਾਨੀਆਂ ਵੀ ਸਾਂਝੀਆਂ ਕੀਤੀਆਂ, ਜਿਸ ਦਾ ਜ਼ਿਕਰ ਉਨ੍ਹਾਂ ਨੇ ਖੁਦ ਆਪਣੀ ਫੇਸਬੁੱਕ ਪੋਸਟ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੀਤਾ ਹੈ।
ਦੱਸ ਦੇਈਏ ਕਿ ਢਾਬੇ ਦਾ ਖਾਣਾ ਸੁਖਬੀਰ ਬਾਦਲ ਨੂੰ ਬਹੁਤ ਪਸੰਦ ਆਇਆ। ਇਸ ਮੌਕੇ ਉਨ੍ਹਾਂ ਨੇ ਖਾਣੇ ਦੀ ਤਾਰੀਫ ਕਰਨ ਦੇ ਨਾਲ-ਨਾਲ ਉਨ੍ਹਾਂ ਖਾਣਾ ਪੇਸ਼ ਕਰਨ ਦੇ ਸਲੀਕੇ ਅਤੇ ਪਿਆਰ ਦੀ ਵੀ ਤਾਰੀਫ ਕੀਤੀ। ਸੁਖਬੀਰ ਨੂੰ ਢਾਬੇ 'ਤੇ ਦੇਖ ਲੋਕ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਝੁਰਮੁਟ ਪਾ ਲਿਆ। ਇਸ ਮੌਕੇ ਸੈਲਫੀਆਂ ਲੈਣ ਦਾ ਸਿਲਸਿਲਾ ਵੀ ਕਾਫੀ ਸਮੇਂ ਤੱਕ ਚੱਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਦੇ ਪਿਆਰ ਨੇ ਉਨ੍ਹਾਂ ਦਾ ਥਕੇਵਾਂ ਦੂਰ ਕਰ ਦਿੱਤਾ ਹੈ। ਪੰਜਾਬ ਦੇ ਜ਼ਿਆਦਾਤਰ ਪਿੰਡ ਇਸ ਮੌਕੇ ਜਿੱਥੇ ਹੜ੍ਹ ਦੀ ਮਾਰ ਝੱਲ ਰਹੇ ਹਨ, ਉੱਥੇ ਹੀ ਸੁਖਬੀਰ ਬਾਦਲ ਢਾਬਿਆਂ 'ਤੇ ਖਾਣੇ ਦਾ ਲੁਤਫ ਲੈ ਕੇ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੁਖਬੀਰ ਦੇ ਸਮੋਸੇ ਖਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਫਿਰੋਜ਼ਪੁਰ 'ਚ ਧੰਨਵਾਦੀ ਦੌਰੇ ਦੌਰਾਨ ਸੁਖਬੀਰ ਨੇ ਵਰਕਰਾਂ ਨਾਲ ਸਮੋਸੇ ਖਾਧੇ ਸੀ, ਜਿਸ ਦੀ ਵੀਡੀਓ ਸਾਹਮਣੇ ਆਉਣ 'ਤੇ ਉਨ੍ਹਾਂ ਦਾ ਸਮੋਸਾ ਪ੍ਰੇਮ ਜੱਗ ਜ਼ਾਹਰ ਹੋ ਗਿਆ ਸੀ।
ਹੜ੍ਹ ਪੀੜਤਾਂ ਦੀ ਸੇਵਾ 'ਚ ਡਟੇ ਹੋਏ ਹਨ ਬਾਬਾ ਕਸ਼ਮੀਰਾ ਸਿੰਘ ਜਨ-ਸੇਵਾ ਟਰੱਸਟ ਦੇ ਸੇਵਾਦਾਰ
NEXT STORY